ਹਿਮਾਚਲ ਪ੍ਰਦੇਸ਼ 'ਚ ਵੀ ਕੋਰੋਨਾ ਦੀ ਮਾਰ, ਮਰੀਜ਼ਾਂ ਦੀ ਗਿਣਤੀ 214 ਹੋਈ

05/25/2020 11:21:37 AM

ਸ਼ਿਮਲਾ (ਭਾਸ਼ਾ)— ਹਿਮਾਚਲ ਪ੍ਰਦੇਸ਼ ਵਿਚ ਕੋਰੋਨਾ ਵਾਇਰਸ ਦੇ 4 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 214 ਹੋ ਗਈ ਹੈ। ਇਸ ਦੌਰਾਨ 75 ਸਾਲ ਦੀ ਇਕ ਪੀੜਤ ਬਜ਼ੁਰਗ ਜਨਾਨੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜਨਾਨੀ ਦੀ ਮੌਤ ਤੋਂ ਬਾਅਦ ਸੂਬੇ 'ਚ ਵਾਇਰਸ ਨਾਲ ਜਾਨ ਗਵਾਉਣ ਵਾਲਿਆਂ ਦੀ ਗਿਣਤੀ 5 ਹੋ ਗਈ ਹੈ। ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਸ਼ਨੀਵਾਰ ਨੂੰ ਬਜ਼ੁਰਗ ਜਨਾਨੀ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਵਿਚ ਐਤਵਾਰ ਰਾਤ ਸਵਾ 10 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਜਨਾਨੀ ਨੂੰ ਕਈ ਬੀਮਾਰੀਆਂ ਤੋਂ ਪੀੜਤ ਸੀ ਅਤੇ ਉਨ੍ਹਾਂ ਨੂੰ ਹਮੀਰਪੁਰ ਤੋਂ ਆਈ. ਜੀ. ਐੱਮ. ਸੀ. ਭੇਜਿਆ ਗਿਆ ਸੀ। ਓਧਰ ਹਮੀਰਪੁਰ ਦੇ ਜ਼ਿਲਾ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਜਨਾਨੀ ਦੇ ਪਤੀ ਵਾਇਰਸ ਤੋਂ ਪੀੜਤ ਪਾਏ ਗਏ ਸਨ ਅਤੇ ਉਸ ਦੇ ਦੋ ਦਿਨ ਬਾਅਦ ਸ਼ਨੀਵਾਰ ਨੂੰ ਉਸ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। 

ਜ਼ਿਲਾ ਅਧਿਕਾਰੀ ਨੇ ਦੱਸਿਆ ਕਿ ਜਨਾਨੀ ਇਲਾਜ ਲਈ ਪੰਜਾਬ ਦੇ ਜਲੰਧਰ ਗਈ ਸੀ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਮੀਰਪੁਰ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਵਿਗੜ ਤੋਂ ਬਾਅਦ ਆਈ. ਜੀ. ਐੱਮ. ਸੀ. ਭੇਜਿਆ ਗਿਆ। ਉੱਥੇ ਉਨ੍ਹਾਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਅਤੇ ਸ਼ਨੀਵਾਰ ਨੂੰ ਉਨ੍ਹਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਜਨਕ ਰਾਜ ਨੇ ਦੱਸਿਆ ਕਿ ਕੋਰੋਨਾ ਦੇ 4 ਨਵੇਂ ਮਾਮਲਿਆਂ 'ਚੋਂ 3 ਸ਼ਿਮਲਾ ਤੋਂ ਹਨ। ਇਹ ਤਿੰਨੋਂ ਲੋਕ 18 ਮਈ ਨੂੰ ਮੁੰਬਈ ਤੋਂ ਪਰਤੇ ਸਨ। ਡਿਪਟੀ ਕਮਿਸ਼ਨਰ ਹਰੀਕੇਸ਼ ਮੀਣਾ ਨੇ ਦੱਸਿਆ ਕਿ ਚੌਥਾ ਮਾਮਲਾ ਹਮੀਰਪੁਰ ਦਾ ਹੈ, ਜਿੱਥੇ 25 ਸਾਲ ਦੀ ਇਕ ਜਨਾਨੀ ਦੇ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਉਹ 22 ਮਈ ਨੂੰ ਮੁੰਬਈ ਤੋਂ ਪਰਤੀ ਸੀ। ਮੀਣਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੇ ਪਤੀ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ 'ਚ ਹੁਣ ਤੱਕ 142 ਪੀੜਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ 63 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।

Tanu

This news is Content Editor Tanu