ਦਿੱਲੀ ਹਿੰਸਾ 'ਚ ਹੈੱਡ ਕਾਂਸਟੇਬਲ ਸਮੇਤ 4 ਦੀ ਮੌਤ, 37 ਪੁਲਸ ਕਰਮੀ ਜ਼ਖਮੀ

02/24/2020 10:35:53 PM

ਨਵੀਂ ਦਿੱਲੀ - ਉੱਤਰ-ਪੂਰਬੀ ਦਿੱਲੀ ਦੇ ਜ਼ਾਫਰਾਬਾਦ ਅਤੇ ਮੌਜ਼ਪੁਰ ਇਲਾਕਿਆਂ ਵਿਚ ਸੋਧ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋਈ ਝਡ਼ਪ ਵਿਚ ਦਿੱਲੀ ਪੁਲਸ ਦੇ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਜਦਿਕ ਪੁਲਸ ਕਮਿਸ਼ਨਰ ਜ਼ਖਮੀ ਹੋ ਗਏ। ਸੀ. ਏ. ਏ. ਸਮਰਥਕ ਅਤੇ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਇਕ ਦੂਜੇ 'ਤੇ ਪਥਰਾਅ ਕੀਤਾ ਅਤੇ ਫਿਰ ਘਰਾਂ, ਦੁਕਾਨਾਂ ਅਤੇ ਵਾਹਨਾਂ ਨੂੰ ਅੱਗ ਲਾ ਦਿੱਤੀ।

ਇਸ ਤੋਂ ਇਲਾਵਾ ਚਾਂਦਬਾਗ ਅਤੇ ਭਜਨਪੁਰਾ ਇਲਾਕਿਆਂ ਵਿਚ ਵੀ ਸੀ. ਏ. ਏ. ਵਿਰੋਧੀਆਂ ਅਤੇ ਸਮਰਥਕਾਂ ਵਿਚਾਲੇ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਇਨ੍ਹਾਂ ਇਲਾਕਿਆਂ ਵਿਚ ਹਿੰਸਾ ਦਾ ਇਹ ਦੂਜਾ ਦਿਨ ਹੈ। ਇਸ ਵਿਚਾਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਦੇ ਹਾਲਾਤਾਂ ਨੂੰ ਲੈ ਕੇ ਇਕ ਬੈਠਕ ਬੁਲਾਈ ਹੈ। ਉਥੇ, ਦਿੱਲੀ ਵਿਚ ਹੋ ਰਹੀ ਹਿੰਸਾ ਨੂੰ ਲੈ ਕੇ ਗ੍ਰਹਿ ਮੰਤਰਾਲੇ ਦਾ ਬਿਆਨ ਆਇਆ ਹੈ। ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੇ ਆਖਿਆ ਹੈ ਕਿ ਹਾਲਾਤ ਕੰਟਰੋਲ ਵਿਚ ਹਨ। ਮੌਕੇ 'ਤੇ ਸੁਰੱਖਿਆ ਬਲਾਂ ਦੇ ਜਵਾਨ ਤੈਨਾਤ ਹਨ। ਉਥੇ ਹੀ ਅੱਜ ਸ਼ਾਮ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਵੀਂ ਦਿੱਲੀ ਆ ਰਹੇ ਹਨ।

ਮਿ੍ਰਤਕਾਂ ਦੇ ਨਾਂ ਮੁਹੰਮਦ ਫੁਰਕਾਨ (ਆਮ ਨਾਗਰਿਕ), ਸ਼ਾਹਿਦ (ਆਮ ਨਾਗਰਿਕ) ਅਤੇ ਰਤਨ ਲਾਲ (ਪੁਲਸ ਕਾਂਸਟੇਬਲ) ਹਨ। ਚੌਥੇ ਮਿ੍ਰਤਕ ਦੀ ਅਜੇ ਪਛਾਣ ਨਹੀਂ ਹੋ ਪਾਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਰਤਨ ਲਾਲ ਸਹਾਇਕ ਪੁਲਸ ਕਮਿਸ਼ਨਰ ਦੇ ਦਫਤਰ ਨਾਲ ਜੁਡ਼ੇ ਹੋਏ ਹਨ। 42 ਸਾਲਾ ਰਤਨ ਲਾਲ ਰਾਜਸਥਾਨ ਦੇ ਸੀਕਰ ਦੇ ਰਹਿਣ ਵਾਲੇ ਸਨ। ਉਥੇ ਹੀ ਅਜਿਹੀ ਸਥਿਤੀ ਵਿਚਾਲੇ ਹੁਣ ਹਾਲਾਤਾਂ ਨੂੰ ਕਾਬੂ ਕਰਨ ਲਈ ਪੁਲਸ ਨੇ ਉੱਤਰ-ਪੂਰਬੀ ਦਿੱਲੀ ਦੀਆਂ ਥਾਂਵਾਂ 'ਤੇ ਧਾਰਾ 144 ਲਾਗੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ, ਉੱਤਰ ਪੂਰਬੀ ਦਿੱਲੀ ਵਿਚ ਸੀ. ਆਰ. ਪੀ. ਐਫ. ਦੀਆਂ 8 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ।

Khushdeep Jassi

This news is Content Editor Khushdeep Jassi