ਸਵਿੱਫਟ ਕਾਰ ਦੀ ਟਰਾਲੇ ਨਾਲ ਟੱਕਰ, 4 ਬਰਾਤੀਆਂ ਦੀ ਮੌਤ (ਤਸਵੀਰਾਂ)

01/23/2018 8:24:58 AM

ਬਹਾਦੁਰਗੜ੍ਹ : ਇੱਥੇ ਸਵਿੱਫਟ ਕਾਰ ਅਤੇ ਟਰਾਲੇ ਦੀ ਟੱਕਰ ਦੌਰਾਨ ਮੌਕੇ 'ਤੇ ਹੀ 4 ਬਰਾਤੀਆਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਚਾਰੇ ਮ੍ਰਿਤਕ ਦੋਸਤ ਸਨ ਅਤੇ ਬੇਰੀ ਦੇ ਬੁਰਾਨੀ ਪਿੰਡ ਤੋਂ ਭਾਪੜੌਦਾ ਬਰਾਤ 'ਚ ਆਏ ਸਨ। ਵਿਆਹ ਤੋਂ ਬਾਅਦ ਜਦੋਂ ਚਾਰੇ ਦੋਸਤ ਵਾਪਸ ਆਪਣੇ ਘਰ ਜਾ ਰਹੇ ਸਨ ਤਾਂ ਭਾਪੜੌਦਾ ਆਈ. ਟੀ. ਆਈ. ਨੇੜੇ ਟਰਾਲੇ ਨਾਲ ਉਨ੍ਹਾਂ ਦੀ ਕਾਰ ਦੀ ਸਿੱਧੀ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਚਾਰੇ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾਂ ਦੀ ਉਮਰ 20 ਤੋਂ 22 ਸਾਲ ਵਿਚਕਾਰ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਹਾਦੁਰਗੜ੍ਹ ਦੇ ਸਰਕਾਰੀ ਹਸਪਤਾਲ ਪਹੁੰਚਾ ਦਿੱਤਾ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।