ਦੇਸ਼ ਦੀਆਂ ਸਰਹੱਦਾਂ ਹੁਣ ਹੋਰ ਵੀ ਹੋਣਗੀਆਂ ਮਜ਼ਬੂਤ, BSF 'ਚ ਸ਼ਾਮਲ ਹੋਏ 377 ਨਵੇਂ ਜਵਾਨ

03/12/2022 1:24:02 PM

ਇੰਦੌਰ (ਭਾਸ਼ਾ)- ਦੇਸ਼ ਦੀਆਂ ਸਰਹੱਦਾਂ ਦੀ ਹਿਫ਼ਾਜ਼ਤ ਲਈ ਜਾਨ ਦੀ ਬਾਜ਼ੀ ਲਗਾਉਣ ਦੀ ਸਹੁੰ ਦੇ ਨਾਲ ਇੰਦੌਰ 'ਚ ਸ਼ਨੀਵਾਰ ਨੂੰ 377 ਨਵੇਂ ਜਵਾਨ ਸਰਹੱਦੀ ਸੁਰੱਖਿਆ ਫ਼ੋਰਸ 'ਚ ਰਸਮੀ ਰੂਪ ਨਾਲ ਸ਼ਾਮਲ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਦੇ ਸਹਾਇਕ ਸਿਖਲਾਈ ਕੇਂਦਰ 'ਚ ਆਯੋਜਿਤ ਪਰੇਡ ਸਮਾਰੋਹ ਦੌਰਾਨ ਇਨ੍ਹਾਂ ਜਵਾਨਾਂ ਨੂੰ ਕੇਂਦਰੀ ਨੀਮ ਫ਼ੌਜੀ ਫ਼ੋਰਸ 'ਚ ਸ਼ਾਮਲ ਕੀਤਾ ਗਿਆ ਅਤੇ ਉਨ੍ਹਾਂ ਨੇ ਰਾਸ਼ਟਰੀ ਝੰਡੇ ਦੇ ਸਾਹਮਣੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਦੀ ਸਹੁੰ ਚੁਕੀ। ਇਸ ਮੌਕੇ ਕੇਂਦਰ ਦੇ ਜਨਰਲ ਇੰਸਪੈਟਕਰ ਜੈਕ੍ਰਿਤ ਸਿੰਘ ਰਾਵਤ ਅਤੇ ਬੀ.ਐੱਸ.ਐੱਫ. ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਪਰੇਡ ਦਾ ਨਿਰੀਖਣ ਕਰ ਕੇ ਸਲਾਮੀ ਲਈ।

ਇਹ ਵੀ ਪੜ੍ਹੋ : ਪੂਰਬੀ ਲੱਦਾਖ 'ਚ ਵਿਵਾਦ ਸੁਲਝਾਉਣ ਲਈ ਭਾਰਤ, ਚੀਨ ਵਿਚਾਲੇ 15ਵੇਂ ਦੌਰ ਦੀ ਗੱਲਬਾਤ

ਸਹਾਇਕ ਸਿਖਲਾਈ ਕੇਂਦਰ ਦੇ ਦੂਜੇ ਕਮਾਨ ਅਧਿਕਾਰੀ ਸੌਰਭ ਨੇ ਦੱਸਿਆ ਕਿ 44 ਹਫ਼ਤਿਆਂ ਦੀ ਸਿਖਲਾਈ ਦੌਰਾਨ ਜਵਾਨਾਂ ਨੂੰ ਵੱਖ-ਵੱਖ ਹਥਿਆਰ ਚਲਾਉਣ ਅਤੇ ਇਨ੍ਹਾਂ ਦੀ ਸਾਂਭ-ਸੰਭਾਲ, ਨਕਸ਼ੇ ਪੜ੍ਹਨ, ਆਫ਼ਤ ਪ੍ਰਬੰਧਨ ਅਤੇ ਹੋਰ ਸੰਬੰਧਤ ਖੇਤਰਾਂ ਦੀ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਫ਼ਲਤਾਪੂਰਵਕ ਸਿਖਲਾਈ ਪੂਰੀ ਕਰ ਚੁਕੇ ਇਨ੍ਹਾਂ ਜਵਾਨਾਂ ਨੂੰ ਦੇਸ਼ ਦੀਆਂ ਵੱਖ-ਵੱਖ ਸਰਹੱਦਾਂ ਦੀ ਸੁਰੱਖਿਆ 'ਚ ਲੱਗੀ ਬੀ.ਐੱਸ.ਐੱਫ਼. ਬਟਾਲੀਅਨਾਂ 'ਚ ਤਾਇਨਾਤੀ ਲਈ ਅਪ੍ਰੈਲ ਦੇ ਪਹਿਲੇ ਹਫ਼ਤੇ ਰਵਾਨਾ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਜਵਾਨਾਂ 'ਚ ਤ੍ਰਿਪੁਰਾ ਦੇ 183, ਉੱਤਰ ਪ੍ਰਦੇਸ਼ ਦੇ 141, ਝਾਰਖੰਡ ਦੇ 52 ਅਤੇ ਮਹਾਰਾਸ਼ਟਰ ਦਾ ਇਕ ਜਵਾਨ ਸ਼ਾਮਲ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha