ਕੋਵਿਡ-19 : ਰਾਜਸਥਾਨ ਦੇ ਕੋਟਾ ''ਚ ਫਸੇ 369 ਵਿਦਿਆਰਥੀ ਪਰਤੇ ਜੰਮੂ-ਕਸ਼ਮੀਰ

04/27/2020 5:07:03 PM

ਕਠੂਆ (ਭਾਸ਼ਾ)— ਰਾਜਸਥਾਨ ਦੇ ਕੋਟਾ 'ਚ ਫਸੇ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਵੱਖ-ਵੱਖ ਜ਼ਿਲਿਆਂ ਦੇ 369 ਵਿਦਿਆਰਥੀਆਂ ਦਾ ਇਕ ਸਮੂਹ ਸੋਮਵਾਰ ਨੂੰ ਇੱਥੇ ਪਹੁੰਚਿਆ। ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ ਅਤੇ ਬਾਅਦ 'ਚ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਸਥਿਤ ਗ੍ਰਹਿ ਜ਼ਿਲਿਆਂ ਲਈ ਰਵਾਨਾ ਕੀਤਾ ਗਿਆ। ਆਪਣੇ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਪ੍ਰਸ਼ਾਸਨ ਇਨ੍ਹਾਂ ਨੂੰ ਕੁਆਰੰਟਾਈਨ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਕਾਰਗਿਲ ਦੇ ਉਹ 6 ਵਿਦਿਆਰਥੀ ਵੀ ਲੱਦਾਖ ਜਾਣ ਵਾਲੇ ਸਮੂਹ 'ਚ ਸ਼ਾਮਲ ਹੋ ਗਏ, ਜੋ ਕਠੂਆ 'ਚ ਆਪਣਾ 14 ਦਿਨਾਂ ਦਾ ਕੁਆਰੰਟੀਨ ਰਹਿਣ ਦਾ ਸਮਾਂ ਪੂਰਾ ਕਰ ਚੁੱਕੇ ਹਨ।

ਜ਼ਿਲਾ ਵਿਕਾਸ ਕਮਿਸ਼ਨਰ (ਕਠੂਆ) ਓ. ਪੀ. ਭਗਤ ਨੇ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਨੇ 3 ਦਿਨ ਪਹਿਲਾਂ ਕੋਟਾ 'ਚ ਫਸੇ 369 ਵਿਦਿਆਰਥੀਆਂ ਨੂੰ ਲੈਣ ਲਈ 15 ਐੱਸ. ਆਰ. ਟੀ. ਸੀ. ਬੱਸਾਂ ਨੂੰ ਭੇਜਿਆ ਸੀ। ਵਿਦਿਆਰਥੀ ਅੱਜ ਸਵੇਰੇ ਜੰਮੂ-ਕਸ਼ਮੀਰ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਡਾਕਟਰਾਂ ਦੀ ਵਿਸ਼ੇਸ਼ ਟੀਮ ਨੇ ਵਿਦਿਆਰਥੀਆਂ ਦੀ ਜਾਂਚ ਕੀਤੀ ਅਤੇ ਬਾਅਦ 'ਚ ਉਨ੍ਹਾਂ ਦੇ ਜ਼ਿਲਿਆਂ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਸ਼ਮੀਰ ਅਤੇ ਲੱਦਾਖ ਦੇ ਵਿਦਿਆਰਥੀਆਂ ਦੀਆਂ 8 ਬੱਸਾਂ ਸ਼੍ਰੀਨਗਰ ਲਈ ਰਵਾਨਾ ਕੀਤੀ ਗਈਆਂ, ਜਿਨ੍ਹਾਂ 'ਚੋਂ 6 ਵਿਦਿਆਰਥੀ ਵੀ ਲੱਦਾਖ ਜਾਣ ਵਾਲੇ ਸਮੂਹ ਵਿਚ ਸ਼ਾਮਲ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ਦੇ 57 ਵਿਦਿਆਰਥੀਆਂ ਦਾ ਇਕ ਸਮੂਹ ਕੋਟਾ ਤੋਂ ਉਨ੍ਹਾਂ ਦੇ ਗ੍ਰਹਿ ਜ਼ਿਲਿਆਂ ਲਈ ਰਵਾਨਾ ਹੋਇਆ ਹੈ। ਭਗਤ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਜ਼ਰੂਰੀ ਰੂਪ ਨਾਲ ਪ੍ਰਸ਼ਾਸਨ ਦੀ ਨਿਗਰਾਨੀ 'ਚ ਕੁਆਰੰਟਾਈਨ ਰਹਿਣਗੇ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਗ੍ਰਹਿ ਜ਼ਿਲਿਆਂ ਲਈ ਰਵਾਨਾ ਕੀਤਾ ਜਾਵੇਗਾ।

Tanu

This news is Content Editor Tanu