ਸਾਊਦੀ ਅਰਬ 'ਚ ਫਸੇ 34 ਨੌਜਵਾਨ, ਸੋਸ਼ਲ ਮੀਡੀਆ 'ਤੇ ਸਰਕਾਰ ਨੂੰ ਲਾਈ ਮਦਦ ਦੀ ਗੁਹਾਰ

01/23/2020 4:42:04 PM

ਰਿਆਦ/ਰਾਜਸਥਾਨ— ਸਾਊਦੀ ਅਰਬ ਵਿਚ ਰਾਜਸਥਾਨ ਸਮੇਤ ਹੋਰ ਸੂਬਿਆਂ ਦੇ ਕਰੀਬ 34 ਨੌਜਵਾਨ ਫਸੇ ਹੋਏ ਹਨ। ਇਹ ਨੌਜਵਾਨ ਦੇਸ਼ ਵਾਪਸੀ ਲਈ ਸਰਕਾਰ ਤੋਂ ਮਦਦ ਦੀ ਗੁਹਾਰ ਲਾ ਰਹੇ ਹਨ। ਸੂਤਰਾਂ ਮੁਤਾਬਕ ਇਨ੍ਹਾਂ ਨੌਜਵਾਨਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਹੈ, ਜਿਸ ਵਿਚ ਉਹ ਆਪਣੀ ਰਿਹਾਈ ਦੀ ਗੁਹਾਰ ਲਾ ਰਹੇ ਹਨ। ਇਸ ਵੀਡੀਓ 'ਚ ਨੌਜਵਾਨਾਂ ਨਾਲ ਹੋ ਰਹੇ ਅੱਤਿਆਚਾਰ ਨਜ਼ਰ ਆ ਰਹੇ ਹਨ। ਸਾਊਦੀ 'ਚ ਫਸੇ ਨੌਜਵਾਨ ਦੱਸ ਰਹੇ ਹਨ ਕਿ ਉਹ ਪਿਛਲੇ 6 ਮਹੀਨਿਆਂ ਤੋਂ ਇੱਥੇ ਫਸੇ ਹੋਏ ਹਨ। ਇਸ ਲਈ ਉਹ ਭਾਰਤੀ ਦੂਤਘਰ 'ਚ ਵੀ ਗੁਹਾਰ ਲਾ ਚੁੱਕੇ ਹਨ ਪਰ ਕੋਈ ਮਦਦ ਨਹੀਂ ਮਿਲ ਰਹੀ ਹੈ। ਪਿਛਲੇ 6-7 ਮਹੀਨਿਆਂ ਤੋਂ ਇਨ੍ਹਾਂ ਨੂੰ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਹਨ। ਸਾਰੇ ਲੋਕ ਇਕ ਹੀ ਕੰਪਨੀ ਵਿਚ ਕੰਮ ਕਰਦੇ ਹਨ। 

ਇਨ੍ਹਾਂ ਸੂਬਿਆਂ ਤੋਂ ਹਨ ਨੌਜਵਾਨ, ਲਾਏ ਇਹ ਦੋਸ਼—
ਇਹ ਸਾਰੇ ਨੌਜਵਾਨ ਰਾਜਸਥਾਨ ਦੇ ਝੁੰਝੁਨੂੰ, ਸੀਕਰ, ਚੁਰੂ, ਜੋਧਪੁਰ, ਹਨੂੰਮਾਨਗੜ੍ਹ ਤੋਂ ਇਲਾਵਾ ਬਿਹਾਰ, ਪੰਜਾਬ ਆਦਿ ਸੂਬਿਆਂ ਦੇ ਹਨ। ਸਾਰੇ ਸਾਊਦੀ ਦੇ ਤਬੂਕ ਸ਼ਹਿਰ 'ਚ ਸਥਿਤ ਇਕ ਕੈਂਪ 'ਚ ਬੰਦ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਹਨ। 6 ਮਹੀਨੇ ਤੋਂ ਵਧ ਦਾ ਸਮਾਂ ਲੰਘ ਚੁੱਕਾ ਹੈ। ਮੈਡੀਕਲ ਕਾਰਡ ਵੀ ਨਹੀਂ ਬਣ ਪਾ ਰਹੇ ਹਨ, ਜਿਸ ਕਾਰਨ ਡਾਕਟਰੀ ਸਹੂਲਤ ਵੀ ਨਹੀਂ ਮਿਲ ਰਹੀ। ਉਨ੍ਹਾਂ ਕੋਲ ਕੁਝ ਰੁਪਏ ਸਨ, ਉਹ ਵੀ ਖਤਮ ਹੋ ਚੁੱਕੇ ਹਨ। ਵੀਡੀਓ ਵਿਚ ਨੌਜਵਾਨ ਦੋਸ਼ ਲਾ ਰਹੇ ਹਨ ਭਾਰਤੀ ਦੂਤਘਰ ਉਨ੍ਹਾਂ ਦੀ ਸਮੱਸਿਆ 'ਤੇ ਧਿਆਨ ਨਹੀਂ ਦੇ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਕਾਫੀ ਫਰਜ਼ੀ ਏਜੰਟ ਹਨ। ਏਜੰਟ ਰੁਪਏ ਵੀ ਲੈ ਲੈਂਦੇ ਹਨ। ਮੋਟੀ ਤਨਖਾਹ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਭੇਜਿਆ ਜਾਂਦਾ ਹੈ। 

ਇਹ ਨੇ ਸਾਊਦੀ 'ਚ ਫਸੇ ਨੌਜਵਾਨਾਂ ਦੇ ਨਾਂ—
ਸੂਤਰਾਂ ਨੇ ਦੱਸਿਆ ਕਿ ਫਸੇ ਨੌਜਵਾਨਾਂ 'ਚ ਸੀਕਰ ਦੇ ਮਨੋਜ ਕੁਮਾਰ ਜਾਂਗਿਡ, ਨਾਗੌਰ ਜ਼ਿਲੇ ਦੇ ਪ੍ਰਕਾਸ਼ ਰਾਮ, ਜਾਯਲ ਦੇ ਪ੍ਰਭਰਾਮ, ਸੀਕਰ ਦੇ ਫਾਰੂਕ ਅਲੀ, ਨਾਗੌਰ ਦੇ ਮੋਹਨਲਾਲ ਮਾਲੀ, ਹਨੂੰਮਾਨਗੜ੍ਹ ਦੇ ਜਯਸ਼ੰਕਰ, ਬਿਹਾਰ ਦੇ ਮੁਹੰਮਦ ਸ਼ਾਹਨਵਾਜ਼ ਅਖਤਰ, ਮੁਹੰਮਦ ਉਸਮਾਨ, ਝੁੰਝੁਨੂੰ ਦੇ ਸ਼ੌਕਤ ਖਾਨ, ਬਾਬੂਲਾਲ ਨਾਇਕ, ਹਨੂੰਮਾਨਗੜ੍ਹ ਦੇ ਹੀ ਯਾਕੂਬ ਖਾਨ, ਅਨਵਰ ਅਲੀ, ਪੰਜਾਬ ਦੇ ਕੇਵਲ ਸਿੰਘ, ਹਿਮਾਚਲ ਦੇ ਅਬਦੁੱਲ ਮਜੀਦ, ਪੰਜਾਬ ਦੇ ਚੰਦਰਪਾਲ ਸਿੰਘ, ਝੁੰਝਨੂੰ ਦੇ ਮੁਸ਼ਤਾਕ ਅਲੀ ਕਾਜੀ, ਚੁਰੂ ਦੇ ਖੁਸ਼ੀ ਮੁਹੰਮਦ, ਅਨੀਸ਼ ਖਾਨ, ਵਜੀਰ ਖਾਨ, ਰਣਵੀਰ ਸਿੰਘ, ਸੌਦਾਨ ਸਿੰਘ ਅਤੇ ਯੁਨੂਸ ਖਾਨ ਆਦਿ ਸ਼ਾਮਲ ਹਨ।

Tanu

This news is Content Editor Tanu