ਕੁੰਭ ਮੇਲਾ 2019 : ਸ਼ਰਧਾਲੂਆਂ ਦੇ ਠਹਿਰਣ ਲਈ ਬਣਾਏ ਗਏ ਹਾਈ ਟੈੱਕ ਟੈਂਟ

01/20/2019 12:36:33 PM

ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ ਆਯੋਜਿਤ ਕੁੰਭ ਮੇਲੇ 'ਚ ਸਾਧੂ-ਸੰਤਾਂ ਅਤੇ ਸ਼ਰਧਾਲੂਆਂ ਦੀ ਵੱਡੀ ਭੀੜ ਦੇਖਣ ਨੂੰ ਮਿਲ ਰਹੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਸ਼ਰਧਾਲੂ ਗੰਗਾ, ਯਮੁਨਾ ਅਤੇ ਅਦ੍ਰਿਸ਼ ਸਰਸਵਤੀ 'ਚ ਆਸਥਾ ਦੀ ਡੁੱਬਕੀ ਲਾ ਰਹੇ ਹਨ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਨੇ ਰਹਿਣ ਅਤੇ ਠਹਿਰਣ ਦੇ ਵਧੀਆ ਇੰਤਜ਼ਾਮ ਕੀਤੇ ਹਨ। ਕੁੰਭ ਮੇਲੇ ਵਿਚ ਬਣੇ ਟੈਂਟ ਸਿਟੀ ਵਿਚ ਹਿੰਦੂ ਸ਼ਰਧਾਲੂਆਂ ਅਤੇ ਸਾਧੂਆਂ ਲਈ ਹਾਈ ਟੈੱਕ ਟੈਂਟ ਬਣਾਏ ਗਏ ਹਨ। ਅਤਿਆਧੁਨਿਕ ਤਕਨਾਲੋਜੀ ਨਾਲ ਲੈੱਸ ਇਹ ਟੈਂਟ ਬਾਹਰ ਅਤੇ ਅੰਦਰ ਦੋਹਾਂ ਪਾਸਿਓਂ ਬੇਹੱਦ ਖੂਬਸੂਰਤ ਬਣਾਏ ਗਏ ਹਨ।



ਟੈਂਟ ਸਿਟੀ ਨੂੰ 'ਵੈਦਿਕ ਟੈਂਟ ਸਿਟੀ' ਦਾ ਨਾਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵੱਖ-ਵੱਖ ਟੈਂਟ ਨੂੰ ਵੱਖਰਾ-ਵੱਖਰਾ ਨਾਂ ਦਿੱਤਾ ਗਿਆ। ਜਿਵੇਂ ਨਰਮਦਾ ਕੁਟੀ, ਸਾਬਰਮਤੀ ਕੁਟੀ ਅਤੇ ਸਰਸਵਤੀ ਕੁਟੀ। ਇੱਥੇ ਦੱਸ ਦੇਈਏ ਕਿ ਹਿੰਦੂ ਸ਼ਰਧਾਲੂਆਂ ਅਤੇ ਸਾਧੂ-ਸੰਤਾਂ ਦੇ ਠਹਿਰਣ ਲਈ ਕੁੱਲ 300 ਹਾਈ ਟੈੱਕ ਟੈਂਟ ਬਣਾਏ ਗਏ ਹਨ।

ਇਨ੍ਹਾਂ ਤੋਂ ਇਲਾਵਾ ਟੈਂਟ ਸਿਟੀ ਵਿਚ ਇਕ ਓਪਨ ਰੈਸਟੋਰੈਂਟ ਵੀ ਬਣਾਇਆ ਗਿਆ ਹੈ। ਕੁੰਭ ਵਿਚ ਆਮ ਸ਼ਰਧਾਲੂਆਂ ਲਈ ਜਿੱਥੇ ਆਮ ਵਿਵਸਥਾ ਨਾਲ ਟੈਂਟ ਹਾਊਸ ਬਣੇ ਹਨ, ਉੱਥੇ ਹੀ ਵੀ. ਆਈ. ਪੀ. ਅਤੇ ਵੀ. ਵੀ. ਆਈ. ਪੀ. ਸ਼ਰਧਾਲੂਆਂ ਲਈ 5 ਸਟਾਰ ਵਾਲੇ ਲਗਜ਼ਰੀ ਟੈਂਟ ਵੀ ਬਣਾਏ ਗਏ ਹਨ। ਮੇਲੇ ਵਿਚ ਸਰਕਾਰ ਵਲੋਂ 1 ਲੱਖ 22 ਹਜ਼ਾਰ ਟਾਇਲਟ ਵੀ ਬਣਵਾਏ ਗਏ ਹਨ। 5 ਕੰਪਨੀਆਂ ਯੂ. ਪੀ. ਸਰਕਾਰ ਨਾਲ ਟੈਂਟ ਸਿਟੀ ਵਸਾਉਣ ਨੂੰ ਲੈ ਕੇ ਕੰਮ ਕਰ ਰਹੀਆਂ ਹਨ। 



ਦੱਸਣਯੋਗ ਹੈ ਕਿ ਪ੍ਰਯਾਗਰਾਜ 'ਚ ਕੁੰਭ ਮੇਲਾ ਆਯੋਜਿਤ ਕੀਤਾ ਗਿਆ ਹੈ। ਇਹ ਮੇਲਾ 15 ਜਨਵਰੀ ਤੋਂ ਸ਼ੁਰੂ ਹੋ ਕੇ 4 ਮਾਰਚ ਤਕ ਚੱਲਣ ਵਾਲਾ ਹੈ। ਮੇਲੇ ਵਿਚ ਕਈ ਅਜਿਹੀਆਂ ਚੀਜ਼ਾਂ ਹਨ, ਜੋ ਲੋਕਾਂ ਦੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇੱਥੇ ਦੱਸ ਦੇਈਏ ਕਿ ਕੁੰਭ ਮੇਲੇ ਦੀ ਤਿਆਰੀ ਵਿਚ ਕਰੀਬ 4200 ਕਰੋੜ ਰੁਪਏ ਖਰਚ ਹੋ ਰਹੇ ਹਨ। ਯੂ. ਪੀ. ਸਰਕਾਰ ਨੇ ਇਸ ਲਈ ਕੇਂਦਰ ਤੋਂ ਇਕ ਤਿਹਾਈ ਤੋਂ ਵੱਧ ਰਾਸ਼ੀ ਮੰਗੀ ਹੈ, ਜੋ ਕਿ 2013 ਦੇ ਕੁੰਭ ਮੇਲੇ ਦੀ ਰਾਸ਼ੀ ਤੋਂ ਤਿੰਨ ਗੁਣਾ ਜ਼ਿਆਦਾ ਹੈ।
 

Tanu

This news is Content Editor Tanu