ਬੈਂਗਲੁਰੂ: ਪਾਣੀ ਦੇ ਟੈਂਕਾਂ ਲਈ ਬਣਿਆ ਢਾਂਚਾ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ, 11 ਜ਼ਖਮੀ

06/17/2019 9:40:06 PM

ਬੈਂਗਲੁਰੂ : ਸ਼ਹਿਰ 'ਚ 2 ਵੱਡੇ ਪਾਣੀ ਦੇ ਟੈਂਕਾਂ ਦੇ ਨਿਰਮਾਣ ਲਈ ਬਣਾਏ ਗਏ ਢਾਂਚੇ (ਸਕਾਫਫੋਲਡਿੰਗ) ਦੇ ਸੋਮਵਾਰ ਨੂੰ ਡਿੱਗ ਜਾਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦ ਇਕ ਸੀਵਰੇਜ ਟ੍ਰੀਟਮੈਂਟ ਪਲਾਂਟ ਲਈ ਪਾਣੀ ਦੇ ਟੈਂਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਉਥੇ ਕੁੱਲ 20 ਮਜ਼ਦੂਰ ਕੰਮ ਕਰ ਰਹੇ ਸਨ। ਅਚਾਨਕ ਸਕਾਫਫੋਲਡਿੰਗ ਡਿੱਗਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਤੇ 11 ਮਜ਼ਦੂਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਥਾਨਕ 2 ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਘਟਨਾ ਸਥਾਨ 'ਤੇ ਪਹੁੰਚੇ ਕਰਨਾਟਕ ਦੇ ਗ੍ਰਾਮੀਣ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਕ੍ਰਿਸ਼ਨ ਬਾਇਰੇ ਗੌੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ 20 ਲੋਕ ਉਸਾਰੀ ਅਧੀਨ ਸਥਾਨ 'ਤੇ ਕੰਮ ਕਰ ਰਹੇ ਸਨ, ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ। ਠੇਕੇਦਾਰ ਦੇ ਲਿਖਤ ਬਿਆਨ ਮੁਤਾਬਕ 20 ਲੋਕ ਕੰਮ ਕਰ ਰਹੇ ਸਨ। ਕੌਮੀ ਆਫਤ ਪ੍ਰਬੰਧਨ ਫੋਰਸ ਦੇ ਕਰਮਚਾਰੀਆਂ ਨੇ ਇਕ ਇਲੈਕਟ੍ਰਾਨਿਕ ਉਪਕਰਨ ਦੀ ਮਦਦ ਨਾਲ ਪੂਰੇ ਇਲਾਕੇ ਨੂੰ ਸਕੈਨ ਕਰ ਲਿਆ ਹੈ ਤੇ ਪੁਸ਼ਟੀ ਕੀਤੀ ਹੈ ਕਿ ਘਟਨਾ ਸਥਾਨ  'ਤੇ ਕੋਈ ਫਸਿਆ ਨਹੀਂ ਹੈ। ਗੌੜਾ ਨੇ ਇਸ ਹਾਦਸੇ 'ਤੇ ਸੋਗ ਜ਼ਾਹਰ ਕੀਤਾ ਕਿ ਮ੍ਰਿਤਕਾਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜ਼ਖਮੀਆਂ ਦੇ ਇਲਾਜ ਦਾ ਖਰਚ ਚੁੱਕੇਗੀ।
 


Related News