ਅੱਜ ਭਾਰਤ ਪਹੁੰਚਣਗੇ 3 ਹੋਰ ‘ਰਾਫੇਲ ਲੜਾਕੂ ਜਹਾਜ਼’, UAE ਵੀ ਕਰੇਗਾ ਇਹ ਮਦਦ

03/31/2021 1:23:14 PM

ਨਵੀਂ ਦਿੱਲੀ— ਭਾਰਤੀ ਹਵਾਈ ਫ਼ੌਜ ਦੀ ਤਾਕਤ ਹੋਰ ਵੱਧਣ ਜਾ ਰਹੀ ਹੈ। ਭਾਰਤ ਨੂੰ ਫਰਾਂਸ ਤੋਂ ਅੱਜ 3 ਹੋਰ ਰਾਫੇਲ ਲੜਾਕੂ ਜਹਾਜ਼ ਮਿਲਣਗੇ। ਰਾਫੇਲ ਦੇ ਆਉਣ ਨਾਲ ਨਾ ਸਿਰਫ ਹਵਾਈ ਫ਼ੌਜ ਦੀ ਤਾਕਤ ਵਧੇਗੀ, ਸਗੋਂ ਦੁਸ਼ਮਣਾਂ ਦੀ ਨੀਂਦ ਵੀ ਉਡ ਜਾਵੇਗੀ। ਫਰਾਂਸ ਤੋਂ ਉਡਾਣ ਭਰਨ ਤੋਂ ਬਾਅਦ ਤਿੰਨੋਂ ਲੜਾਕੂ ਜਹਾਜ਼ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਰਸਤਿਓਂ ਆਉਣਗੇ, ਜਿੱਥੇ ਉਨ੍ਹਾਂ ਨੂੰ ਹਵਾ ਵਿਚ ਈਂਧਨ ਭਰਨ ਦੀ ਸਹੂਲਤ ਮਿਲੇਗੀ। ਇਹ ਲੜਾਕੂ ਜਹਾਜ਼ ਹਰਿਆਣਾ ਦੇ ਅੰਬਾਲਾ ਵਿਚ ਗੋਲਡਨ ਏਅਰੋ ਸਕਵਾਡਰਨ ਦਾ ਹਿੱਸਾ ਹੋਣਗੇ। 

ਇਹ ਵੀ ਪੜ੍ਹੋ: ਭਾਰਤੀ ਹਵਾਈ ਫ਼ੌਜ ਦੀ ਵਧੇਗੀ ਹੋਰ ਤਾਕਤ, ਛੇਤੀ ਮਿਲਣਗੇ 10 ਰਾਫੇਲ ਜਹਾਜ਼

ਜਾਣਕਾਰੀ ਮੁਤਾਬਕ ਸ਼ਾਮ ਕਰੀਬ 7 ਵਜੇ ਤਿੰਨੋਂ ਹੀ ਰਾਫਲ ਜਹਾਜ਼ ਗੁਜਰਾਤ ਪਹੁੰਚਣਗੇ। ਇਨ੍ਹਾਂ ਰਾਫੇਲ ਜਹਾਜ਼ ਦੇ ਮਿਲਣ ਤੋਂ ਬਾਅਦ ਹੁਣ ਗੋਲਡਨ ਏਅਰੋ ਸਕਵਾਡਰਨ ਵਿਚ ਰਾਫੇਲ ਦੀ ਕੁੱਲ ਗਿਣਤੀ 14 ਹੋ ਗਈ ਹੈ। ਰਾਫੇਲ ਬਣਾਉਣ ਵਾਲੀ ਕੰਪਨੀ ਡਸਾਲਟ ਏਵੀਏਸ਼ਨ ਦੇ ਸੂਤਰਾਂ ਮੁਤਾਬਕ ਇਹ ਲੜਾਕੂ ਜਹਾਜ਼ ਸਿੱਧੇ ਫਰਾਂਸ ਤੋਂ ਉਡਾਣ ਭਰਨਗੇ ਅਤੇ ਇਨ੍ਹਾਂ ਨੂੰ ਯੂ. ਏ. ਈ. ਏਅਰ ਫੋਰਸ ਵਲੋਂ ਹਵਾ ’ਚ ਈਂਧਨ ਭਰਨ ਦੀ ਸਹੂਲਤ ਦਿੱਤੀ ਜਾਵੇਗੀ। ਜਾਣਕਾਰੀ ਮੁਤਾਬਕ ਅਪ੍ਰੈਲ ’ਚ ਕੁੱਲ 9 ਰਾਫੇਲ ਭਾਰਤ ਪਹੁੰਚਣਗੇ। ਇਨ੍ਹਾਂ ’ਚੋਂ 5 ਜਹਾਜ਼ਾਂ ਨੂੰ ਪੱਛਮੀ ਬੰਗਾਲ ਦੇ ਹਾਸ਼ਿਮਾਰਾ ਏਅਰਬੇਸ ’ਤੇ ਤਾਇਨਾਤ ਕੀਤਾ ਜਾਵੇਗਾ। ਜੋ ਰਾਫੇਲ ਅੱਜ ਭਾਰਤ ’ਚ ਪਹੁੰਚ ਰਹੇ ਹਨ, ਉਹ ਐੱਮ88-3 ਸੈਫਰਨ ਦੇ ਡਬਲ ਇੰਜਣ ਨਾਲ ਲੈੱਸ ਹਨ, ਜਿਸ ’ਚ ਸਮਾਰਟ ਵੇਪਨ ਸਿਸਟਮ ਲਾਇਆ ਗਿਆ ਹੈ।

ਇਹ ਵੀ ਪੜ੍ਹੋ: ਕੋਰੋਨਾ ਦੇ ਬਾਵਜੂਦ 2022 ਤੱਕ ਭਾਰਤ ਨੂੰ ਸੌਂਪ ਦਿੱਤੇ ਜਾਣਗੇ ਸਾਰੇ 36 ਰਾਫੇਲ: ਫਰਾਂਸੀਸੀ ਰਾਜਦੂਤ

ਦੱਸਣਯੋਗ ਹੈ ਕਿ ਭਾਰਤ ਨੂੰ ਫਰਾਂਸ ਤੋਂ ਕੁੱਲ 36 ਰਾਫੇਲ ਲੜਾਕੂ ਜਹਾਜ਼ ਮਿਲਣੇ ਹਨ, ਜਿਸ ਦਾ ਸੌਦਾ ਸਾਲ 2016 ਵਿਚ ਹੋਇਆ ਸੀ। 2020 ਤੋਂ ਇਨ੍ਹਾਂ ਜਹਾਜ਼ਾਂ ਦੀ ਡਿਲਿਵਰੀ ਸ਼ੁਰੂ ਹੋਈ ਅਤੇ ਸਾਲ 2022 ਦੇ ਅਖੀਰ ਤੱਕ ਸਾਰੇ 36 ਜਹਾਜ਼ ਭਾਰਤ ਨੂੰ ਮਿਲ ਜਾਣਗੇ। ਪਿਛਲੇ ਸਾਲ ਜੁਲਾਈ-ਅਗਸਤ ਵਿਚ ਭਾਰਤ ਨੂੰ ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ ਮਿਲਣੇ ਸ਼ੁਰੂ ਹੋ ਗਏ ਸਨ। ਭਾਰਤ ਆਉਂਦੇ ਹੀ ਰਾਫੇਲ ਜਹਾਜ਼ ਆਪਣੇ ਮਿਸ਼ਨ ’ਤੇ ਲੱਗ ਗਏ ਸਨ।

Tanu

This news is Content Editor Tanu