ਨਾਈਜੀਰੀਆ ਵਿਚ 3 ਭਾਰਤੀ ਅਗਵਾ ਮਾਮਲਾ : ਸਾਬਕਾ ਮੁੱਖ ਮੰਤਰੀ ਨੇ ਕੀਤੀ ਮਦਦ ਦੀ ਅਪੀਲ

03/23/2018 9:28:50 PM

ਧਰਮਸ਼ਾਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਨਾਈਜੀਰੀਆਈ ਡਾਕੂਆਂ ਦੇ ਕਬਜ਼ੇ ਵਿਚੋਂ ਸੂਬੇ ਦੇ ਤਿੰਨ ਲੋਕਾਂ ਦੀ ਛੇਤੀ ਰਿਹਾਈ ਯਕੀਨੀ ਬਣਾਉਣ। ਉਨ੍ਹਾਂ ਨੇ ਦੱਸਿਆ ਕਿ ਪੀੜਤ ਸੂਬੇ ਦੇ ਕਾਂਗੜਾ ਜ਼ਿਲੇ ਦੇ ਰਹਿਣ ਵਾਲੇ ਹਨ ਅਤੇ ਮਰਚੇਂਟ ਨੇਵੀ ਵਿਚ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਨੂੰ ਸਮੁੰਦਰੀ ਡਾਕੂਆਂ ਨੇ ਫਿਰੌਤੀ ਲਈ ਅਗਵਾ ਕਰ ਲਿਆ ਹੈ। ਕੁਮਾਰ ਨੇ ਦੱਸਿਆ ਕਿ ਵਿਦੇਸ਼ ਮੰਤਰੀ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਵਿਚ ਭਾਰਤ ਸਰਕਾਰ ਸਖ਼ਤ ਕਰਮ ਚੁੱਕੇਗੀ ਅਤੇ ਨੌਜਵਾਨਾਂ ਨੂੰ ਛੇਤੀ ਵਾਪਸ ਲਿਆਂਦਾ ਜਾਵੇਗਾ। ਕਾਂਗੜਾ ਤੋਂ ਭਾਜਪਾ ਦੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੇ ਸੁਸ਼ਮਾ ਸਵਰਾਜ ਨੂੰ ਵਿਸਥਾਰ ਪੂਰਵਕ ਪੱਤਰ ਲਿਖਿਆ ਹੈ ਅਤੇ ਫੋਨ ਉੱਤੇ ਵੀ ਉਨ੍ਹਾਂ ਨਾਲ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਡਾਕੂਆਂ ਨੇ ਭਾਰਤੀਆਂ ਨੂੰ ਰਿਹਾਅ ਕਰਨ ਬਦਲੇ 1.1 ਕਰੋੜ ਨੈਯਰਾ ਦੀ ਮੰਗ ਕੀਤੀ ਹੈ। ਇਸ 12 ਮਾਰਚ ਨੂੰ ਪੀੜਤਾਂ ਵਿਚੋਂ ਇਕ ਦੇ ਪਰਿਵਾਰ ਕੋਲ ਨਾਈਜੀਰੀਆ ਤੋਂ ਸੈਟੇਲਾਈਟ ਕਾਲ ਆਈ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਕੁਝ ਸਮੁੰਦਰੀ ਡਾਕੂਆਂ ਨੇ ਉਨ੍ਹਾਂ ਦੇ ਜਹਾਜ਼ ਨੂੰ ਅਗਵਾ ਕਰ ਲਿਆ ਹੈ ਅਤੇ ਤਿੰਨ ਭਾਰਤੀ ਕਰੂ ਮੈਂਬਰਾਂ ਨੂੰ ਵੀ ਅਗਵਾ ਕਰ ਲਿਆ ਹੈ। ਕੁਮਾਰ ਨੇ ਦੱਸਿਆ ਕਿ ਭਾਰਤੀਆਂ ਦੀ ਪਛਾਣ ਨਗਰੋਟਾ ਸੁਰੀਅਨ ਦੇ ਸੁਸ਼ੀਲ ਕੁਮਾਰ, ਸਮਲੋਤੀ ਦੇ ਪੰਕਜ ਕੁਮਾਰ ਅਤੇ ਪਾਲਮਪੁਰ ਦੇ ਅਜੈ ਕੁਮਾਰ ਦੇ ਰੂਪ ਵਿਚ ਕੀਤੀ ਗਈ ਹੈ।