UP ਹਾਦਸਾ : ਮੌਤ ਦੀ ਬੁੱਕਲ 'ਚ ਸੌਂ ਗਏ 24 ਮਜ਼ਦੂਰ, ਦਿਲ ਨੂੰ ਵਲੂੰਧਰ ਦੇਣਗੀਆਂ ਤਸਵੀਰਾਂ

05/16/2020 10:11:45 AM

ਔਰੈਯਾ— ਕਿਸੇ ਵੀ ਤਰ੍ਹਾਂ ਘਰ ਪਹੁੰਚਣ ਦੀ ਉਮੀਦ 'ਚ ਨਿਕਲੇ ਮਜ਼ਦੂਰਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੀ ਸਵੇਰੇ ਹੋਵੇਗੀ ਹੀ ਨਹੀਂ। ਉਹ ਟਰੱਕ ਵਿਚ ਚੂਨੇ ਦੀਆਂ ਬੋਰੀਆਂ ਵਿਚਾਲੇ ਲੇਟ ਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ। ਲਾਕਡਾਊਨ ਦਰਮਿਆਨ ਸ਼ਨੀਵਾਰ ਤੜਕਸਾਰ ਵਾਪਰੇ ਦਰਦਨਾਕ ਹਾਦਸੇ ਵਿਚ ਚੂਨੇ ਦੀ ਇਨ੍ਹਾਂ ਬੋਰੀਆਂ ਹੇਠਾਂ ਦੱਬ ਕੇ ਮਜ਼ਦੂਰਾਂ ਨੇ ਦਮ ਤੋੜ ਦਿੱਤਾ। ਦਰਅਸਲ ਉੱਤਰ ਪ੍ਰਦੇਸ਼ ਦੇ ਔਰੈਯਾ ਜ਼ਿਲੇ ਵਿਚ ਇਕ ਟਰੱਕ ਦੀ ਦੂਜੇ ਟਰੱਕ ਨਾਲ ਟੱਕਰ ਹੋ ਗਈ।

ਇਸ ਭਿਆਨਕ ਸੜਕ ਹਾਦਸੇ ਵਿਚ 24 ਮਜ਼ਦੂਰ ਮੌਤ ਦੀ ਨੀਂਦ ਸੌਂ ਗਏ। ਹਾਦਸੇ ਵਿਚ 22 ਦੇ ਕਰੀਬ ਮਜ਼ਦੂਰ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ।



ਚੂਨੇ ਦੀਆਂ ਬੋਰੀਆਂ ਹੇਠਾਂ ਦੱਬੇ ਮਜ਼ਦੂਰ ਅਤੇ ਬਿਖਰਿਆ ਸਾਮਾਨ ਸਭ ਕੁਝ ਬਿਆਨ ਕਰ ਰਿਹਾ ਹੈ। ਹਾਦਸੇ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਦਿਲ ਨੂੰ ਵਲੂੰਧਰ ਦੇਣ ਵਾਲੀਆਂ ਹਨ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਮਲੇ ਦੇ ਵੀ ਹੋਸ਼ ਉਡ ਗਏ। ਅਫੜਾ-ਦਫੜੀ 'ਚ ਪੁਲਸ ਟੀਮ ਮੌਕੇ 'ਤੇ ਪੁੱਜੀ ਅਤੇ ਹਾਰਤ ਤੇ ਬਚਾਅ ਕੰਮ ਸ਼ੁਰੂ ਕਰ ਦਿੱਤਾ।



ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਇਹ ਭਿਆਨਕ ਹਾਦਸਾ ਵਾਪਰਿਆ, ਉਸ ਦੌਰਾਨ ਕੁਝ ਮਜ਼ਦੂਰ ਇਕ ਢਾਬੇ ਵਿਚ ਚਾਹ ਪੀ ਰਹੇ ਸਨ। ਮਰਨ ਵਾਲਿਆਂ ਵਿਚੋਂ ਜ਼ਿਆਦਾਤਰ ਮਜ਼ੂਦਰ ਟੱਕਰ ਮਾਰਨ ਵਾਲੇ ਟਰੱਕ ਵਿਚ ਸਵਾਰ ਸਨ। ਇਸ ਵਿਚ ਚੂਨੇ ਦੀਆਂ ਬੋਰੀਆਂ ਲੱਦੀਆਂ ਸਨ। ਨੀਂਦ ਵਿਚ ਹੀ ਮੌਤ ਦੇ ਆਗੋਸ਼ 'ਚ ਮਜ਼ਦੂਰ ਚਲੇ ਗਏ।

ਇਹ ਹਾਦਸਾ ਕਰੀਬ ਸਵੇਰੇ ਸਾਢੇ 3- 4 ਵਜੇ ਵਾਪਰਿਆ। ਇਸ ਹਾਦਸੇ ਤੋਂ ਬਾਅਦ ਜ਼ਿਲਾ ਮੈਜਿਸਟ੍ਰੇਟ ਔਰੈਯਾ ਅਭਿਸ਼ੇਕ ਸਿੰਘ ਨੇ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਵਿਚ ਜ਼ਿਆਦਾਤਰ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਸਨ। ਇਹ ਸਾਰੇ ਰਾਜਸਥਾਨ ਤੋਂ ਆ ਰਹੇ ਸਨ ਅਤੇ ਬਿਹਾਰ-ਝਾਰਖੰਡ ਜਾ ਰਹੇ ਸਨ।

Tanu

This news is Content Editor Tanu