ਰਾਹਤ ਦੀ ਖ਼ਬਰ, ਇਟਲੀ ਤੋਂ ਦਿੱਲੀ ਪਰਤੇ 215 ਲੋਕਾਂ ਦੇ ਟੈਸਟ ਨੈਗੇਟਿਵ

03/21/2020 3:27:56 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੇ ਖਤਰੇ ਕਾਰਨ ਦੇਸ਼ ਭਰ 'ਚ ਹੜਕੰਪ ਮਚਿਆ ਹੋਇਆ ਹੈ। ਇਸ ਦਰਮਿਆਨ ਇਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਬੀਤੇ ਦਿਨੀਂ ਇਟਲੀ ਦੇ ਸ਼ਹਿਰ ਮਿਲਾਨ ਤੋਂ ਪਰਤੇ 215 ਲੋਕਾਂ ਦੇ ਟੈਸਟ ਨੈਗੇਵਿਟ ਪਾਏ ਗਏ ਹਨ। ਕੋਈ ਕੋਰੋਨਾ ਵਾਇਰਸ ਨਾਲ ਪੀੜਤ ਨਹੀਂ ਹੈ। ਇਹ ਸਾਰੇ ਲੋਕ ਦਿੱਲੀ ਸਥਿਤ ਇੰਡੋ-ਤਿੱਬਤੀ ਬਾਰਡਰ ਪੁਲਸ ਦੇ ਛਾਲਵਾ ਕੁਆਰੰਟੀਨ ਸਹੂਲਤ ਕੈਂਪ 'ਚ ਰਹਿ ਰਹੇ ਹਨ। ਤਕਰੀਬਨ 7 ਦਿਨਾਂ ਦੇ ਪ੍ਰਵਾਸ ਤੋਂ ਬਾਅਦ ਇਨ੍ਹਾਂ ਦੀ ਜਾਂਚ ਕੀਤੀ ਗਈ, ਜੋ ਕਿ ਨੈਗੇਟਿਵ ਪਾਈ ਗਈ। ਮਿਲਾਨ ਤੋਂ ਪਰਤੇ ਇਸ ਗਰੁੱਪ 'ਚ 151 ਪੁਰਸ਼ ਅਤੇ 64 ਔਰਤਾਂ ਹਨ। ਇਨ੍ਹਾਂ 'ਚ ਜ਼ਿਆਦਾਤਰ ਵਿਦਿਆਰਥੀ ਹਨ, ਜੋ ਕਿ ਪੜ੍ਹਾਈ ਲਈ ਇਟਲੀ ਗਏ ਹੋਏ ਸਨ। ਇਨ੍ਹਾਂ ਸਾਰੇ ਲੋਕਾਂ ਦਾ ਦੂਜਾ ਅਤੇ ਆਖਰੀ ਟੈਸਟ ਹੋਵੇਗਾ, ਜੋ ਕਿ 14ਵੇਂ ਦਿਨ ਕੀਤਾ ਜਾਵੇਗਾ। ਜੇਕਰ ਉਹ ਵੀ ਨੈਗੇਟਿਵ ਆਉਂਦੇ ਹਨ ਤਾਂ ਇਹ ਸਾਰੇ 215 ਲੋਕ ਛਾਲਵਾ ਦੇ ਕੁਆਰੰਟੀਨ ਸਹੂਲਤ ਕੈਂਪ ਤੋਂ ਮੁਕਤ ਹੋ ਜਾਣਗੇ ਯਾਨੀ ਕਿ ਆਪਣੇ-ਆਪਣੇ ਘਰਾਂ ਨੂੰ ਚੱਲੇ ਜਾਣਗੇ।

ਦੱਸਣਯੋਗ ਹੈ ਕਿ ਬੀਤੀ 15 ਮਾਰਚ ਨੂੰ ਤੜਕਸਾਰ ਇਨ੍ਹਾਂ ਸਾਰੇ ਲੋਕਾਂ ਨੂੰ ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਹਵਾਈ ਅੱਡੇ 'ਤੇ ਲਿਆਂਦਾ ਗਿਆ। ਇੱਥੇ ਪਹੁੰਚਦੇ ਹੀ ਸਾਰੀਆਂ ਦੀ ਸਕ੍ਰੀਨਿੰਗ ਕੀਤੀ ਗਈ ਅਤੇ ਸਾਰਿਆਂ ਨੂੰ ਇੰਡੋ-ਤਿੱਬਤ ਬਾਰਡਰ ਪੁਲਸ ਦੇ ਛਾਵਲਾ ਕੈਂਪ 'ਚ ਭੇਜਿਆ ਗਿਆ, ਜਿੱਥੇ ਉਹ 14 ਦਿਨ ਤਕ ਰਹਿ ਰਹੇ ਹਨ। ਦੱਸ ਦੇਈਏ ਕਿ ਕੋਰੋਨਾ ਦੇ ਕਹਿਰ ਨੂੰ ਦੇਖਦਿਆਂ ਕੇਂਦਰ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਵਤਨ ਲਿਆਂਦਾ ਗਿਆ। ਵੱਡੀ ਗਿਣਤੀ 'ਚ ਈਰਾਨ, ਇਟਲੀ ਤੋਂ ਭਾਰਤੀਆਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਵਾਪਸ ਲਿਆਂਦਾ ਗਿਆ।

ਇਸ ਸਮੇਂ ਇਟਲੀ ਦੇ ਹਾਲਾਤ ਬਹੁਤ ਗੰਭੀਰ ਹੋ ਗਏ ਹਨ। ਚੀਨ ਤੋਂ ਬਾਅਦ ਇਟਲੀ ਅਜਿਹਾ ਦੇਸ਼ ਹੈ, ਜੋ ਕਿ ਕੋਰੋਨਾ ਵਾਇਰਸ ਦੀ ਮਾਰ ਝੱਲ ਰਿਹਾ ਹੈ। ਇੱਥੇ ਹੁਣ ਤੱਕ 4 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 47 ਹਜ਼ਾਰ ਦੇ ਕਰੀਬ ਲੋਕ ਵਾਇਰਸ ਦੀ ਲਪੇਟ 'ਚ ਹਨ।

Tanu

This news is Content Editor Tanu