2022 ਹੋਵੇਗਾ ਭਾਰਤ-ਆਸਿਆਨ ਮਿੱਤਰਤਾ ਸਾਲ: ਪੀ.ਐੱਮ. ਮੋਦੀ

10/29/2021 3:42:25 AM

ਨਵੀਂ ਦਿੱਲੀ - ਭਾਰਤ ਅਤੇ ਆਸਿਆਨ ’ਚ ਸਾਂਝੀਦਾਰੀ ਦੀ 30ਵੀਂ ਵਰ੍ਹੇਗੰਢ ਮੌਕੇ ਸਾਲ 2022 ਨੂੰ ਭਾਰਤ-ਆਸਿਆਨ ਮਿੱਤਰਤਾ ਸਾਲ ਦੇ ਰੂਪ ’ਚ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਆਸਿਆਨ ਸ਼ਿਖਰ ਸੰਮੇਲਨ ਨੂੰ ਵਰਚੂਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ। ਇਸ ਦੀ ਪ੍ਰਧਾਨਗੀ ਆਸਿਆਨ ਦੇ ਪ੍ਰਧਾਨ ਬਰੂਨੀ ਦੇ ਸੁਲਤਾਨ ਹਸਨਲ ਬੋਲਕਿਆ ਨੇ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਦੱਖਣ-ਪੂਰਬੀ ਏਸ਼ੀਆਈ ਰਾਸ਼ਟਰਾਂ ਦੇ ਸੰਗਠਨ ਆਸਿਆਨ ਦੇ ਨੇਤਾਵਾਂ ਨਾਲ ਦੱਖਣ ਚੀਨ ਸਾਗਰ, ਅੱਤਵਾਦ, ਅਫਗਾਨਿਸਤਾਨ, ਕੋਵਿਡ-19 ਮਹਾਮਾਰੀ, ਸੰਪਰਕ ਸਮੇਤ ਸਾਂਝੇ ਹਿੱਤਾਂ ਨਾਲ ਜੁੜੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ’ਤੇ ਵੀਰਵਾਰ ਨੂੰ ਸਾਰਥਕ ਚਰਚਾ ਕੀਤੀ ਅਤੇ ਦੱਖਣ-ਚੀਨ ਸਾਗਰ ’ਚ ਸ਼ਾਂਤੀ, ਸਥਿਰਤਾ, ਸੁਰੱਖਿਆ ਬਣਾਈ ਰੱਖਣ 'ਤੇ ਇਸ ਨੂੰ ਪ੍ਰੋਤਸਾਹਿਤ ਕਰਨ ਦੇ ਮਹੱਤਵ ’ਤੇ ਜ਼ੋਰ ਦਿੱਤਾ।

ਮੋਦੀ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਅਸੀਂ ਆਸਿਆਨ-ਭਾਰਤ ਸ਼ਿਖਰ ਸਮੇਲਨ ਨੂੰ ਵਰਚੂਅਲ ਰੂਪ ’ਚ ਹੀ ਸਹੀ, ਇਸ ਪ੍ਰੰਪਰਾ ਨੂੰ ਬਰਕਰਾਰ ਰੱਖਣ ’ਚ ਕਾਮਯਾਬ ਰਹੇ ਹਾਂ। ਇਹ ਠੀਕ ਹੈ ਕਿ ਮਹਾਮਾਰੀ ਕਾਰਨ ਸਾਨੂੰ ਸਾਰਿਆਂ ਨੂੰ ਕਈ ਚੁਣੌਤੀਆਂ ਨਾਲ ਜੂਝਣਾ ਪਿਆ ਪਰ ਇਹ ਚੁਣੌਤੀ ਭਰਪੂਰ ਸਮਾਂ ਭਾਰਤ-ਆਸਿਆਨ ਦੋਸਤੀ ਦੀ ਕਸੌਟੀ ਵੀ ਰਿਹਾ। ਕੋਵਿਡ ਦੇ ਕਾਲ ’ਚ ਸਾਡਾ ਆਪਸੀ ਸਹਿਯੋਗ, ਆਪਸੀ ਹਮਦਰਦੀ, ਭਵਿੱਖ ’ਚ ਸਾਡੇ ਸਬੰਧਾਂ ਨੂੰ ਜ਼ੋਰ ਦਿੰਦੇ ਰਹਿਣਗੇ, ਸਾਡੇ ਲੋਕਾਂ ’ਚ ਸਦਭਾਵਨਾ ਦਾ ਆਧਾਰ ਰਹਿਣਗੇ।

ਇਹ ਵੀ ਪੜ੍ਹੋ - ਰੇਲ ਮੰਤਰਾਲਾ ਦਾ ਫੈਸਲਾ, IRCTC ਹੁਣ ਸਰਕਾਰ ਨੂੰ ਦੇਵੇਗੀ ਸੁਵਿਧਾ ਫੀਸ ਤੋਂ ਹੋਣ ਵਾਲੀ ਅੱਧੀ ਕਮਾਈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਅਤੇ ਆਸਿਆਨ ’ਚ ਹਜ਼ਾਰਾਂ ਸਾਲਾਂ ਤੋਂ ਚੰਗੇ ਸਬੰਧ ਰਹੇ ਹਨ। ਇਨ੍ਹਾਂ ਦੀ ਝਲਕ ਸਾਡੇ ਸਾਂਝੇ ਮੁੱਲ, ਪ੍ਰੰਪਰਾਵਾਂ, ਭਾਸ਼ਾਵਾਂ, ਗ੍ਰੰਥ, ਵਾਸਤੂਕਲਾ, ਸੰਸਕ੍ਰਿਤੀ, ਖਾਣ-ਪੀਣ ਹਰ ਜਗ੍ਹਾ ’ਤੇ ਦਿਸਦੀ ਹੈ ਅਤੇ ਇਸ ਲਈ ਆਸਿਆਨ ਦੀ ਏਕਤਾ ਅਤੇ ਅਖੰਡਤਾ ਭਾਰਤ ਲਈ ਹਮੇਸ਼ਾ ਮਹੱਤਵਪੂਰਨ ਰਹੀ ਹੈ।

ਭਾਰਤ ਦੀ ਤਰਜੀਹ ’ਚ ਆਸਿਆਨ ਦੀ ਏਕਤਾ
ਮੋਦੀ ਨੇ ਕਿਹਾ ਕਿ ਭਾਰਤ ਦੀ ਹਿੰਦ-ਪ੍ਰਸ਼ਾਂਤ ਮਹਾਸਾਗਰ ਪਹਿਲ (ਆਈ. ਪੀ. ਓ. ਆਈ.) ਤੇ ਹਿੰਦ-ਪ੍ਰਸ਼ਾਂਤ ਲਈ ਆਸਿਆਨ ਦਾ ਦ੍ਰਿਸ਼ਟੀਕੋਣ (ਏ. ਓ. ਆਈ. ਪੀ.) ਇਸ ਖੇਤਰ ’ਚ ਉਨ੍ਹਾਂ ਦੇ ਸਾਂਝੇ ਨਜ਼ਰੀਏ ਅਤੇ ਆਪਸੀ ਸਹਿਯੋਗ ਦੀ ਰੂਪ-ਰੇਖਾ ਹਨ। ਉਨ੍ਹਾਂ ਕਿਹਾ ਕਿ ਆਸਿਆਨ ਦੀ ਏਕਤਾ ਅਤੇ ਅਖੰਡਤਾ ਭਾਰਤ ਲਈ ਹਮੇਸ਼ਾ ਇਕ ਮਹੱਤਵਪੂਰਨ ਤਰਜੀਹ ਰਹੀ ਹੈ। ਆਸਿਆਨ ਦੀ ਇਹ ਵਿਸ਼ੇਸ਼ ਭੂਮਿਕਾ ਭਾਰਤ ਦੀ ਐਕਟ-ਈਸਟ ਨੀਤੀ ਦਾ ਹਿੱਸਾ ਹੈ, ਜੋ ਸਾਗਰ (ਖੇਤਰ ’ਚ ਸਾਰਿਆਂ ਦੀ ਸੁਰੱਖਿਆ ਤੇ ਵਿਕਾਸ) ਨੀਤੀ ’ਚ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ - ਟਿਕਰੀ ਬਾਰਡਰ ਦੀ ਵੱਡੀ ਖ਼ਬਰ: ਕੱਲ ਤੱਕ ਖਾਲੀ ਹੋ ਜਾਵੇਗਾ ਰਸਤਾ, ਪੁਲਸ ਹਟਾ ਰਹੀ ਬੈਰੀਕੇਡ

ਰੋਮ ’ਚ ਪੋਪ ਫਰਾਂਸਿਸ ਨੂੰ ਮਿਲਣਗੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਟਲੀ ’ਚ ਜੀ-20 ਦੀ ਸ਼ਿਖਰ ਬੈਠਕ ’ਚ ਭਾਗ ਲੈਣ ਦੇ ਨਾਲ ਹੀ ਈਸਾਈਆਂ ਦੇ ਸਰਵਉੱਚ ਧਰਮਗੁਰੂ ਪੋਪ ਫਰਾਂਸਿਸ ਨਾਲ ਵੀ 30 ਅਕਤੂਬਰ ਨੂੰ ਮੁਲਾਕਾਤ ਕਰਨਗੇ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਪੋਪ ਨਾਲ ਕੀ ਗੱਲਬਾਤ ਹੋਵੇਗੀ ਇਹ ਤਾਂ ਨਹੀਂ ਦੱਸਿਆ ਜਾ ਸਕਦਾ ਹੈ ਪਰ ਇਹ ਬੈਠਕ ਬਹੁਤ ਮਹੱਤਵਪੂਰਨ ਹੋਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਬੈਠਕਾਂ ’ਚ ਆਮ ਤੌਰ ’ਤੇ ਕੁਝ ਪ੍ਰਤੀਨਿਧੀ ਮੰਡਲ ਦੇ ਮੈਂਬਰ ਹੁੰਦੇ ਹੀ ਹਨ। ਮੋਦੀ ਦੇਸ਼ ਦੇ 5ਵੇਂ ਪ੍ਰਧਾਨ ਮੰਤਰੀ ਹੋਣਗੇ ਜੋ ਪੋਪ ਨਾਲ ਮੁਲਾਕਾਤ ਕਰਨਗੇ । ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਇੰਦਰ ਕੁਮਾਰ ਗੁਜਰਾਲ ਤੇ ਅਟਲ ਬਿਹਾਰੀ ਵਾਜਪਾਈ ਨੇ ਇਸ ਤੋਂ ਪਹਿਲਾਂ ਸਰਵਉੱਚ ਈਸਾਈ ਧਰਮਗੁਰੂ ਨਾਲ ਮੁਲਾਕਾਤ ਕੀਤੀ ਹੈ। ਵਾਜਪਾਈ ਨੇ ਪੋਪ ਜਾਨ ਪਾਲ ਨਾਲ ਮੁਲਾਕਾਤ ਕੀਤੀ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News