ਮਹਾਰਾਸ਼ਟਰ ''ਚ ਕੋਰੋਨਾ ਕਾਰਨ ਹੁਣ ਤੱਕ 20 ਪੁਲਸ ਕਾਮਿਆਂ ਦੀ ਮੌਤ

05/26/2020 4:51:45 PM

ਮੁੰਬਈ-ਮਹਾਰਾਸ਼ਟਰ 'ਚ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 20 ਪੁਲਸ ਕਾਮਿਆਂ ਦੀ ਮੌਤ ਹੋ ਚੁੱਕੀ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਅੱਜ ਭਾਵ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਹੁਣ ਤੱਕ ਸੂਬੇ 'ਚ 207 ਅਧਿਕਾਰੀਆਂ ਸਮੇਤ 1889 ਪੁਲਸ ਕਾਮੇ ਇਸ ਖਤਰਨਾਕ ਵਾਇਰਸ ਨਾਲ ਪੀੜਤ ਹੋਏ ਹਨ। ਉਨ੍ਹਾਂ 'ਚੋਂ ਜ਼ਿਆਦਾਤਰ ਮੁੰਬਈ ਅਤੇ ਨਾਸਿਕ ਗ੍ਰਾਮੀਣ ਤੋਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਤੱਕ ਇਕ ਅਫਸਰ ਸਮੇਤ 20 ਪੁਲਸ ਕਾਮਿਆਂ ਦੇ ਪੀੜਤ ਹੋਣ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 67 ਅਫਸਰਾਂ ਸਮੇਤ ਘੱਟ ਤੋਂ ਘੱਟ 838 ਪੁਲਸ ਕਾਮਿਆਂ ਨੂੰ ਠੀਕ ਹੋਣ 'ਤੇ ਹਸਪਤਾਲੋਂ ਛੁੱਟੀ ਦਿੱਤੀ ਗਈ ਹੈ। 

ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਸੂਬੇ 'ਚ ਲਾਕਡਾਊਨ ਲਾਗੂ ਹੋਣ ਤੋਂ ਬਾਅਦ ਪੁਲਸ 'ਤੇ ਹਮਲੇ ਦੀਆਂ 252 ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ 'ਚੋਂ 86 ਕਾਮੇ ਜ਼ਖਮੀ ਹੋਏ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਕੋਰੋਨਾ ਦੇ ਖਿਲਾਫ ਲੜਾਈ 'ਚ ਸਭ ਤੋਂ ਅੱਗੇ ਕੰਮ ਕਰ ਰਹੇ 40 ਤੋਂ ਜ਼ਿਆਦਾ ਸਿਹਤ ਕਾਮਿਆਂ 'ਤੇ ਅਸਮਾਜਿਕ ਤੱਤਾਂ ਦੁਆਰਾ ਹਮਲਾ ਕੀਤਾ ਗਿਆ। 

ਉਨ੍ਹਾਂ ਨੇ ਦੱਸਿਆ ਹੈ ਕਿ ਮਹਾਰਾਸ਼ਟਰ ਪੁਲਸ ਨੇ ਹੁਣ ਤੱਕ ਭਾਰਤੀ ਦੰਡ ਕੋਡ ਦੀ ਧਾਰਾ 188 ਤਹਿਤ 1,15,263 ਮਾਮਲੇ ਦਰਜ ਕੀਤੇ ਗਏ ਹਨ ਜਦਕਿ 23,204 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਲਾਕਡਾਊਨ ਦੀ ਮਿਆਦ ਦੌਰਾਨ ਆਗਿਆ ਤੋਂ ਬਿਨਾ ਵਾਹਨਾਂ ਦੇ 1322 ਮਾਮਲੇ ਦਰਜ ਕੀਤੇ ਗਏ ਹਨ ਅਤੇ ਇਸ ਸਬੰਧ 'ਚ 72687 ਵਾਹਨਾਂ ਨੂੰ ਜ਼ਬਤ ਕੀਤਾ ਗਿਆ ਹੈ। ਸੂਬਾ ਪੁਲਸ ਨੇ ਬੰਦ ਦੌਰਾਨ ਵੱਖ-ਵੱਖ ਅਪਰਾਧਾਂ ਲਈ 5.48 ਕਰੋੜ ਰੁਪਏ ਜ਼ੁਰਮਾਨਾ ਵੀ ਵਸੂਲਿਆ ਹੈ।

Iqbalkaur

This news is Content Editor Iqbalkaur