ਮੈਟਰੋ ਸਟੇਸ਼ਨ ''ਤੇ ਔਰਤ ਦੇ ਪਰਸ ''ਚੋਂ 20 ਜ਼ਿੰਦਾ ਕਾਰਤੂਸ ਬਰਾਮਦ

01/22/2018 3:28:06 PM

ਨਵੀਂ ਦਿੱਲੀ— ਗਣਤੰਤਰ ਦਿਵਸ 'ਤੇ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਰਾਜਧਾਨੀ 'ਚ ਅਲਰਟ ਜਾਰੀ ਹੈ। ਇਸ ਦੌਰਾਨ ਇਕ ਔਰਤ ਦੇ ਪਰਸ 'ਚੋਂ 20 ਜ਼ਿੰਦਾ ਕਾਰਤੂਸ ਮਿਲਣ ਨਾਲ ਹੜਕੰਪ ਮਚ ਗਿਆ। ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਨੇ ਦਿੱਲੀ ਦੇ ਆਦਰਸ਼ ਨਗਰ ਮੈਟਰੋ ਸਟੇਸ਼ਨ 'ਤੇ ਔਰਤ ਦੀ ਤਲਾਸ਼ੀ ਦੌਰਾਨ ਇਹ ਕਾਰਤੂਸ ਬਰਾਮਦ ਕੀਤੇ। ਔਰਤ ਨਾਲ 2 ਪੁਰਸ਼ ਵੀ ਸਨ, ਜੋ ਉਸੇ ਦੇ ਪਰਿਵਾਰ ਦੇ ਦੱਸੇ ਜਾ ਰਹੇ ਹਨ।
ਔਰਤ ਨੇ ਪੁੱਛ-ਗਿੱਛ 'ਚ ਦੱਸਿਆ ਕਿ ਇਹ ਕਾਰਤੂਸ ਉਸ ਦੇ ਪਤੀ ਗੰਗਾ ਰਾਮ ਦੇ ਹਨ, ਜੋ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਹੈ। ਉਸ ਦੇ ਪਤੀ ਕੋਲ ਇਨ੍ਹਾਂ ਕਾਰਤੂਸਾਂ ਦਾ ਲਾਇਸੈਂਸ ਹੈ। ਪੁਲਸ ਨੇ ਔਰਤ ਦੇ ਪਤੀ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਉਸ ਦੇ ਖਿਲਾਫ ਆਰਮਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ।
ਡੀ.ਜੀ. ਪੁਲਸ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਗੰਗਾ ਰਾਮ ਦੇ ਰਿਸ਼ਤੇਦਾਰ ਦਿੱਲੀ ਸਥਿਤ ਇਕ ਹਸਪਤਾਲ 'ਚ ਭਰਤੀ ਹੈ। ਉਹ ਉਨ੍ਹਾਂ ਨੂੰ ਮਿਲਣ ਜਾ ਰਹੇ ਸੀ ਪਰ ਨਾਲ ਕਾਰਤੂਸ ਲਿਜਾਉਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਦੋਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ 'ਚ ਹਾਈ ਅਲਰਟ ਜਾਰੀ ਹੈ, ਜਿਸ ਤੋਂ ਬਾਅਦ ਮੈਟਰੋ 'ਚ ਯਾਤਰੀਆਂ ਨੂੰ ਸਖਤ ਸੁਰੱਖਿਆ ਵਿਵਸਥਾ 'ਚੋਂ ਲੰਘਣਾ ਪੈਂਦਾ ਹੈ।