ਅਫਰੀਕਾ : ਸਮੁੰਦਰੀ ਲੁਟੇਰਿਆਂ ਨੇ 20 ਭਾਰਤੀਆਂ ਨੂੰ ਕੀਤਾ ਅਗਵਾ, MEA ਨੇ ਜਤਾਈ ਚਿੰਤਾ

12/17/2019 12:03:53 PM

ਅਬੁਜਾ/ਨਵੀਂ ਦਿੱਲੀ— ਅਫਰੀਕਾ ਦੇ ਪੱਛਮੀ ਤੱਟ ਨੇੜੇ ਸਮੁੰਦਰੀ ਲੁਟੇਰਿਆਂ ਨੇ ਇਕ ਵਪਾਰਕ ਜਹਾਜ਼ 'ਤੇ ਸਵਾਰ 20 ਭਾਰਤੀਆਂ ਨੂੰ ਅਗਵਾ ਕਰ ਲਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ 15 ਦਸੰਬਰ ਨੂੰ ਅਫਰੀਕਾ ਦੇ ਪੱਛਮੀ ਤੱਟ 'ਤੇ ਡੂੰਘੇ ਸਮੁੰਦਰ 'ਚ ਜਹਾਜ਼ ਐੱਮ. ਟੀ. ਡਿਊਕ ਚਾਲਕ ਦਲ ਦੇ 20 ਮੈਂਬਰਾਂ ਨੂੰ ਅਗਵਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀਆਂ ਦੇ ਅਗਵਾ ਹੋਣ ਦੀ ਖ਼ਬਰ ਤੋਂ ਚਿੰਤਾ 'ਚ ਹਾਂ।

ਇਕ ਹੋਰ ਟਵੀਟ 'ਚ ਉਨ੍ਹਾਂ ਕਿਹਾ ਕਿ ਇਹ ਇਸ ਖੇਤਰ ਦੀ ਤੀਜੀ ਘਟਨਾ ਹੈ, ਜਿਸ ਨੇ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ ਹੈ। ਅਬੁਜਾ ਵਿਚ ਸਾਡੇ ਮਿਸ਼ਨ ਨੇ ਨਾਈਜੀਰੀਆ ਦੇ ਅਧਿਕਾਰੀਆਂ ਅਤੇ ਗੁਆਂਢੀਆਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਇਸ ਮੁੱਦੇ ਨੂੰ ਚੁੱਕਿਆ ਹੈ। ਬੰਧਕਾਂ ਦੀ ਸੁਰੱਖਿਆ ਸਭ ਤੋਂ ਪਹਿਲੇ ਹੈ ਅਤੇ ਅਸੀਂ ਹਾਲ ਦੀਆਂ ਘਟਨਾਵਾਂ 'ਤੇ ਨਾਈਜੀਰੀਆ ਦੇ ਅਧਿਕਾਰੀਆਂ ਅਤੇ ਹੋਰ ਹਿੱਤ ਧਾਰਕਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।

ਦੱਸਣਯੋਗ ਹੈ ਕਿ ਇਸ ਤੋਂ ਕਰੀਬ ਦੋ ਹਫਤੇ ਪਹਿਲਾਂ 3 ਦਸੰਬਰ ਨੂੰ ਨਾਈਜੀਰੀਆ ਦੇ ਬੋਨੀ ਆਫਸ਼ੋਰ ਟਰਮੀਨਲ ਤੋਂ 66 ਨਾਟੀਕਲ ਮੀਲ ਦੀ ਦੂਰੀ 'ਤੇ ਸਮੁੰਦਰੀ ਲੁਟੇਰਿਆਂ ਨੇ ਹਾਂਗਕਾਂਗ ਦੇ ਇਕ ਵੱਡੇ ਕੱਚੇ ਮਾਲ ਜਹਾਜ਼ 'ਤੇ ਸਵਾਰ 18 ਭਾਰਤੀਆਂ ਸਮੇਤ ਚਾਲਕ ਦਲ ਦੇ 19 ਮੈਂਬਰਾਂ ਨੂੰ ਅਗਵਾ ਕਰ ਲਿਆ ਸੀ।

Tanu

This news is Content Editor Tanu