ਰਾਜਸਥਾਨ ’ਚ ਗਾਂਧੀ ਪਰਿਵਾਰ ਦੇ 2 ਭਰੋਸੇਯੋਗ ਨੇਤਾਵਾਂ ਦਾ ਦੌਰਾ ਬਣਿਆ ਬੁਝਾਰਤ!

08/05/2021 1:56:45 PM

ਨਵੀਂ ਦਿੱਲੀ (ਨੈਸ਼ਨਲ ਡੈਸਕ)– ਰਾਜਸਥਾਨ ’ਚ 2 ਧੜਿਆਂ ’ਚ ਵੰਡੀ ਕਾਂਗਰਸ ਨੂੰ ਇਕਜੁੱਟ ਕਰਨ ’ਚ ਸੂਬਾ ਇੰਚਾਰਜ ਅਜੇ ਮਾਕਨ ਤਾਂ ਕਈ ਦਿਨਾਂ ਤੋਂ ਕੋਸ਼ਿਸ਼ ਕਰ ਹੀ ਰਹੇ ਹਨ, ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਹਫ਼ਤੇ ਮੰਤਰੀ ਮੰਡਲ ’ਚ ਫੇਰਬਦਲ ਵੀ ਸੰਭਵ ਹੈ। ਇਸ ਦੌਰਾਨ ਅਚਾਨਕ ਦਿੱਲੀ ਦਰਬਾਰ ਦੇ ਭਰੋਸੇਯੋਗ ਨੇਤਾਵਾਂ ਦੇ ਜੈਪੁਰ ਦੌਰੇ ਨੇ ਕਾਂਗਰਸ ਦੇ ਨੇਤਾਵਾਂ ਨੂੰ ਹੈਰਾਨੀ ’ਚ ਪਾ ਦਿੱਤਾ ਹੈ। 2 ਦਿਨ ਪਹਿਲਾਂ ਸੋਨੀਆ ਗਾਂਧੀ ਦੀ ਬੇਹੱਦ ਕਰੀਬੀ ਅਤੇ ਹਰਿਆਣਾ ਕਾਂਗਰਸ ਦੀ ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ ਦੀ ਅਚਾਨਕ ਜੈਪੁਰ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਨੇਤਾ ਅਤੇ ਕਰਨਾਟਕ ਕਾਂਗਰਸ ਦੇ ਪ੍ਰਧਾਨ ਡੀ. ਕੇ. ਸ਼ਿਵਕੁਮਾਰ ਦੀ ਜੈਪੁਰ ਆ ਕੇ ਅਸ਼ੋਕ ਗਹਿਲੋਤ ਨਾਲ ਖਾਸ ਮੁਲਾਕਾਤ ਸਿਆਸੀ ਹਲਕਿਆਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਅਜੇ ਮਾਕਨ ਕਾਂਗਰਸ ਦੇ ਅੰਦਰੂਨੀ ਕਲੇਸ਼ ਦੀ ਸੌਂਪ ਚੁੱਕੇ ਹਨ ਰਾਹੁਲ ਗਾਂਧੀ ਨੂੰ ਰਿਪੋਰਟ
ਅਜੇ ਮਾਕਨ ਨੇ ਜੈਪੁਰ ’ਚ 3 ਦਿਨਾਂ ਤੱਕ ਸੱਤਾ ਅਤੇ ਸੰਗਠਨ ਨੂੰ ਲੈ ਕੇ ਫੀਡਬੈਕ ਰਾਹੁਲ ਗਾਂਧੀ ਨੂੰ ਬਦਲਾਅ/ਫੇਰਬਦਲ ਦਾ ਪੂਰਾ ਬਲੂਪ੍ਰਿੰਟ ਸੌਂਪ ਦਿੱਤਾ ਪਰ ਉਸ ’ਤੇ ਅਜੇ ਤੱਕ ਕੋਈ ਐਕਸ਼ਨ ਨਹੀਂ ਹੋਇਆ ਹੈ। ਉੱਧਰ, ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਆਪਣੀ ਸਿਹਤ ਦੀ ਜਾਂਚ ਕਰਵਾਉਣ ਲਈ ਸੋਨੀਆ ਗਾਂਧੀ 5 ਅਗਸਤ ਨੂੰ ਅਮਰੀਕਾ ਜਾ ਰਹੀ ਹੈ। ਉਸ ਤੋਂ ਪਹਿਲਾਂ ਮੰਤਰੀ ਮੰਡਲ ਵਿਸਥਾਰ/ਫੇਰਬਦਲ ਨੂੰ ਲੈ ਕੇ ਫੈਸਲਾ ਨਹੀਂ ਹੋਇਆ ਤਾਂ ਮਾਮਲਾ ਲੰਬਾ ਲਟਕ ਜਾਵੇਗਾ। ਸਵਾਲ ਇਹ ਵੀ ਹੈ ਕਿ ਆਖਿਰ ਉਹ ਕਿਹੜਾ ਸੰਦੇਸ਼ ਹੈ, ਜਿਸ ਨੂੰ ਦੇਣ ਲਈ 2 ਵੱਖ-ਵੱਖ ਪੀ. ਸੀ. ਸੀ. ਪ੍ਰਧਾਨਾਂ ਨੂੰ ਜੈਪੁਰ ਆਉਣਾ ਪਿਆ ਹੈ।

ਸ਼ੈਲਜਾ ਅਤੇ ਡੀ. ਕੇ. ਦੇ ਦੌਰੇ ਦਾ ਸਸਪੈਂਸ ਬਰਕਰਾਰ
ਦੋਵੇਂ ਨੇਤਾਵਾਂ ਦਾ ਇਸ ਤਰ੍ਹਾਂ ਨਾਲ ਜੈਪੁਰ ਆਉਣਾ, ਅਸ਼ੋਕ ਗਹਿਲੋਤ ਨੂੰ ਮਿਲ ਕੇ ਵਾਪਸ ਦਿੱਲੀ ਮੁੜਣਾ ਦੱਸ ਰਿਹਾ ਹੈ ਕਿ ਮਕਸਦ ਸਿਰਫ ਮੰਤਰੀ ਮੰਡਲ ਵਿਸਥਾਰ ਅਤੇ ਫੇਰਬਦਲ ਨਹੀਂ ਹੈ, ਸਗੋਂ ਮਾਮਲਾ ਇਸ ਤੋਂ ਕਿਤੇ ਜ਼ਿਆਦਾ ਵੱਡਾ ਹੈ। ਰਾਜਸਥਾਨ ’ਚ ਮੰਤਰੀ ਮੰਡਲ ਵਿਸਥਾਰ/ਫੇਰਬਦਲ ਅਤੇ ਸੰਗਠਨ ’ਚ ਨਿਯੁਕਤੀਆਂ ਦੀ ਕਵਾਇਦ ਵਿਚਾਲੇ ਗਾਂਧੀ ਪਰਿਵਾਰ ਦੇ ਭਰੋਸੇਯੋਗ ਕਹੇ ਜਾਣ ਵਾਲੇ ਨੇਤਾਵਾਂ ਦੇ ਜੈਪੁਰ ਦੌਰੇ ਤੋਂ ਬਾਅਦ ਰਾਜਸਥਾਨ ਦੇ ਸਿਆਸੀ ਹਲਕਿਆਂ ’ਚ ਹੁਣ ਇਹ ਸਵਾਲ ਉੱਠਣ ਲੱਗਾ ਹੈ ਕਿ ਕੀ ਗਹਿਲੋਤ-ਪਾਇਲਟ ਵਿਚਾਲੇ ਵਿਸਥਾਰ/ਫੇਰਬਦਲ ਨੂੰ ਲੈ ਕੇ ਫਸੀ ਘੁੰਢੀ ਦੇ ਮੱਦੇਨਜ਼ਰ ਹੀ ਇਹ ਮੁਲਾਕਾਤਾਂ ਹੋ ਰਹੀਆਂ ਹਨ ਜਾਂ ਇਨ੍ਹਾਂ ਦੇ ਕੁਝ ਹੋਰ ਮਾਇਨੇ ਹਨ।

ਲੰਬੇ ਸਮੇਂ ਤੋਂ ਦਿੱਲੀ ਨਹੀਂ ਗਏ ਹਨ ਸੀ. ਐੱਮ. ਗਹਿਲੋਤ
ਅਸਲ ’ਚ ਕੋਰੋਨਾ ਕਾਲ ਕਾਰਨ ਇਕ ਲੰਬਾ ਸਮਾਂ ਹੋ ਗਿਆ ਹੈ, ਜਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਿੱਲੀ ਨਹੀਂ ਗਏ ਹਨ। ਇਸ ਦੌਰਾਨ ਕਈ ਵਾਰ ਇੰਚਾਰਜ ਅਜੇ ਮਾਕਨ, ਸੰਗਠਨ ਜਨਰਲ ਸਕੱਤਰ ਵੇਣੂਗੋਪਾਲ, ਰਾਸ਼ਟਰੀ ਖਜ਼ਨਾਚੀ ਪਵਨ ਬੰਸਲ ਤੋਂ ਇਲਾਵਾ ਕਈ ਨੇਤਾਵਾਂ ਨੇ ਆ ਕੇ ਸੀ. ਐੱਮ. ਨਾਲ ਮੁਲਾਕਾਤ ਕੀਤੀ ਹੈ ਪਰ ਉਨ੍ਹਾਂ ਨੇਤਾਵਾਂ ਦੀ ਯਾਤਰਾ ਅਤੇ ਮੁਲਾਕਾਤਾਂ ਦਾ ਮਕਸਦ ਸਪੱਸ਼ਟ ਅਤੇ ਸਾਫ ਸੀ ਪਰ ਕੁਮਾਰੀ ਸ਼ੈਲਜਾ ਅਤੇ ਡੀ. ਕੇ. ਸ਼ਿਵਕੁਮਾਰ ਦਾ ਅਚਾਨਕ ਜੈਪੁਰ ਆਉਣਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਮਿਲਣਾ ਅਤੇ ਫਿਰ ਦਿੱਲੀ ਜਾਣਾ ਦੱਸ ਰਿਹਾ ਹੈ ਕਿ ਇਸ ਵਾਰ ਕਾਰਨ ਕੁਝ ਵੱਖ ਨਜ਼ਰ ਆ ਰਿਹਾ ਹੈ।

ਦੋਵੇਂ ਨੇਤਾ 2 ਸੂਬਿਆਂ ਦੇ ਪੀ. ਸੀ. ਸੀ. ਪ੍ਰਧਾਨ
ਵੱਡੀ ਗੱਲ ਇਹ ਹੈ ਕਿ ਦੋਵੇਂ ਨੇਤਾ 2 ਵੱਖ-ਵੱਖ ਸੂਬਿਆਂ ਦੇ ਪੀ. ਸੀ. ਸੀ. ਪ੍ਰਧਾਨ ਹਨ। ਕੁਮਾਰੀ ਸ਼ੈਲਜਾ ਹਰਿਆਣਾ ’ਚ ਪੀ. ਸੀ. ਸੀ. ਪ੍ਰਧਾਨ ਹੈ ਤਾਂ ਡੀ. ਕੇ. ਸ਼ਿਵਕੁਮਾਰ ਨੂੰ ਵੀ ਕਰਨਾਟਕ ’ਚ ਪੀ. ਸੀ. ਸੀ. ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਕੁਮਾਰੀ ਸ਼ੈਲਜਾ ਦੇ ਅਸ਼ੋਕ ਗਹਿਲੋਤ ਨਾਲ ਸਬੰਧ ਬਹੁਤ ਚੰਗੇ ਹਨ। ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਸਮੇਂ ਸਕ੍ਰੀਨਿੰਗ ਕਮੇਟੀ ਦੇ ਚੇਅਰਮੈਨ ਦੇ ਤੌਰ ’ਤੇ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਰਹੀ ਸੀ। ਉੱਧਰ, ਕਰਨਾਟਕ ਵਿਧਾਨ ਸਭਾ ਚੋਣਾਂ ਦੇ ਸਮੇਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਕਾਂਗਰਸ ਨੂੰ ਸੱਤਾ ’ਚ ਲਿਆਉਣ ’ਚ ਖਾਸ ਰੋਲ ਰਿਹਾ ਸੀ। ਦੋਵੇਂ ਹੀ ਨੇਤਾ ‘ਗਾਂਧੀ ਪਰਿਵਾਰ’ ਦੇ ਬੇਹੱਦ ਕਰੀਬੀ ਹਨ।

DIsha

This news is Content Editor DIsha