ਏਅਰਲਾਈਨ ਦੀ ਮਹਿਲਾ ਕਰਮਚਾਰੀ ਨਾਲ 2 ਲੋਕਾਂ ਨੇ ਕੀਤੀ ਬਦਸਲੂਕੀ, ਪੈਰ ਫੜ ਕੇ ਬਚਾਈ ਜਾਨ

11/20/2017 2:52:46 PM

ਹੈਦਰਾਬਾਦ— ਇੱਥੇ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਨਿੱਜੀ ਏਅਰਲਾਈਨ ਦੀ ਮਹਿਲਾ ਕਰਮਚਾਰੀ ਨਾਲ ਨਸ਼ੇ 'ਚ ਟੱਲੀ 2 ਵਿਅਕਤੀ ਵੱਲੋਂ ਕਥਿਤ ਤੌਰ 'ਤੇ ਬਦਸਲੂਕੀ ਕਰਨ ਦਾ ਇਕ ਵੀਡੀਓ ਵਾਇਰਲ ਹੋਇਆ ਹੈ। ਇਸ ਤੋਂ ਬਾਅਦ 2 ਵਿਅਕਤੀਆਂ ਦੇ ਖਿਲਾਫ ਹੰਗਾਮਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਵੀਡੀਓ 'ਚ ਔਰਤ ਨੂੰ ਦੋਹਾਂ ਦਾ ਸਾਹਮਣਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਉਨ੍ਹਾਂ ਨੂੰ ਹਵਾਈ ਅੱਡੇ 'ਤੇ ਪੁਲਸ ਚੌਕੀ ਵੱਲ ਲਿਜਾਂਦੀ ਦਿੱਸ ਰਹੀ ਹੈ।ਪੁਲਸ ਨੇ ਕਿਹਾ ਕਿ ਵੀਡੀਓ 'ਚ ਦੋਵੇਂ ਵਿਅਕਤੀ ਉਸ ਦੇ ਨਿਰਦੇਸ਼ 'ਤੇ ਔਰਤ ਤੋਂ ਮੁਆਫ਼ੀ ਮੰਗਦੇ ਅਤੇ ਪੈਰ ਛੂੰਹਦੇ ਦਿੱਸ ਰਹੇ ਹਨ। ਘਟਨਾ ਸ਼ਨੀਵਾਰ ਅੱਧੀ ਰਾਤ ਦੀ ਹੈ। ਰਾਜੀਵ ਗਾਂਧੀ ਕੌਮਾਂਤਰੀ ਹਵਾਈ ਅੱਡੇ ਥਾਣੇ ਦੇ ਸਬ ਇੰਸਪੈਕਟਰ ਰਮੇਸ਼ ਨਾਈਕ ਨੇ ਕਿਹਾ ਕਿ ਔਰਤ ਨੇ ਵਿਅਕਤੀਆਂ ਦੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ, ਜਿਨ੍ਹਾਂ ਨੇ ਪੁਲਸ ਨੂੰ ਬਾਅਦ 'ਚ ਦੱਸਿਆ ਕਿ ਉਹ ਵਿਦਿਆਰਥੀ ਸਨ। ਉਨ੍ਹਾਂ ਨੇ ਕਿਹਾ ਕਿ ਦੋਵੇਂ ਨਸ਼ੇ ਦੀ ਹਾਲਤ 'ਚ ਪਾਏ ਗਏ ਅਤੇ ਉਨ੍ਹਾਂ ਦੇ ਖਿਲਾਫ ਹੰਗਾਮਾ ਕਰਨ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ।