ਦਾਜ ਦੇ ਲਾਲਚੀਆਂ ਨੇ ਸਾਢੇ 4 ਸਾਲ ਦੀ ਮਾਸੂਮ ਬੇਟੀ ਅਤੇ ਵਿਆਹੁਤਾ ਨੂੰ ਜ਼ਿੰਦਾ ਸਾੜਿਆ (ਤਸਵੀਰਾਂ)

12/06/2016 3:02:15 PM

ਜੀਂਦ— ਇੱਥੇ ਇਕ ਵਿਆਹੁਤਾ ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਸਾਢੇ 4 ਸਾਲ ਦੀ ਬੇਟੀ ਸਮੇਤ ਜ਼ਿੰਦਾ ਸਾੜ ਦਿੱਤਾ। ਪੁਲਸ ਨੇ ਪਤੀ ਸਮੇਤ 9 ਦੋਸ਼ੀਆਂ ਦੇ ਖਿਲਾਫ ਦਾਜ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਜੁਲਾਨਾ ਦੇ ਏ.ਐੱਸ.ਆਈ. ਘਨਸ਼ਾਮ ਨੇ ਦੱਸਿਆ ਕਿ ਕਸਬੇ ਦੇ ਵਾਰਡ-2 ''ਚ ਇਕ ਔਰਤ ਅਤੇ ਬੱਚੀ ਨੂੰ ਜ਼ਿੰਦਾ ਸਾੜ ਦੇਣ ਦੀ ਸੂਚਨਾ ਮਿਲੀ ਸੀ। ਜਦੋਂ ਪੁਲਸ ਮੌਕੇ ''ਤੇ ਪੁੱਜੀ ਤਾਂ ਘਰ ''ਚ ਦੋਹਾਂ ਦੀਆਂ ਲਾਸ਼ਾਂ ਪਈਆਂ ਸਨ ਅਤੇ ਬਾਕੀ ਘਰਵਾਲੇ ਫਰਾਰ ਸਨ। ਇਸ ਘਟਨਾ ਦੀ ਸੂਚਨਾ ਗੁਆਂਢੀਆਂ ਨੇ ਦਿੱਤੀ, ਜਿਸ ਅਨੁਸਾਰ ਲੋਕ ਘਰ ''ਚ ਅੱਗ ਲੱਗੀ ਹੋਣ ਤੋਂ ਬਾਅਦ ਦਰਵਾਜ਼ੇ ਤੋੜ ਕੇ ਅੰਦਰ ਪੁੱਜੇ ਤਾਂ ਉੱਥੇ ਇਹ ਮੰਜਰ ਸੀ। ਪੁਲਸ ਨੂੰ ਪਿੰਡ ਈਗਰਾ ਵਾਸੀ ਮਹੇਂਦਰ ਨੇ ਦੱਸਿਆ ਕਿ ਉਸ ਦੀ ਬੇਟੀ ਰੀਤੂ ਦਾ ਵਿਆਹ 20 ਫਰਵਰੀ 2011 ਨੂੰ ਜੁਲਾਨਾ ਦੇ ਨਵੀਨ ਨਾਲ  ਹੋਇਆ ਸੀ। ਵਿਆਹ ਦੇ ਕੁਝ ਹੀ ਦਿਨਾਂ ਬਾਅਦ ਉਸ ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਦਾਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ, ਜੋ ਇਕ ਬੇਟੀ ਹੋਣ ਦੇ ਬਾਵਜੂਦ ਨਹੀਂ ਰੁਕੇ।
ਦੋਸ਼ ਹੈ ਕਿ ਰੀਤੂ ਦੇ ਸਹੁਰੇ ਪਰਿਵਾਰ ਵਾਲੇ ਉਸ ਦੇ ਪੇਕੇ ਵਾਲਿਆਂ ''ਤੇ 2 ਲੱਖ ਰੁਪਏ ਅਤੇ ਇਕ ਕਾਰ ਲਈ ਦਬਾਅ ਬਣਾ ਰਹੇ ਸਨ, ਜਿਸ ਨੂੰ ਪੂਰਾ ਨਾ ਕਰ ਸਕਣ ''ਤੇ ਆਖਰ 25 ਸਾਲ ਦੀ ਰੀਤੂ ਅਤੇ ਉਸ ਦੀ ਸਾਢੇ 4 ਸਾਲ ਦੀ ਬੇਟੀ ਮਧੂ ਨੂੰ ਮਿੱਟੀ ਦਾ ਤੇਲ ਸੁੱਟ ਕੇ ਸਾੜ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਸਾਰੇ ਫਰਾਰ ਹੋ ਗਏ। ਜੁਲਾਨਾ ਥਾਣੇ ਦੇ ਏ.ਐੱਸ.ਆਈ. ਘਨਸ਼ਾਮ ਦਾ ਕਹਿਣਾ ਹੈ ਕਿ ਰੀਤੂ ਦੇ ਪਿਤਾ ਮਹੇਂਦਰ ਦੇ ਬਿਆਨ ਉਸ ਦੇ ਪਤੀ ਨਵੀਨ, ਜੇਠ ਹਰਦੀਪ, ਜੇਠਾਣੀ ਨੀਲਮ, ਨਨਾਣ ਸੁਸ਼ਮਾ, ਪੂਨਮ, ਮਨਦੀਪ ਅਤੇ ਤਿੰਨੋਂ ਨਨਾਣਾਂ ਦੇ ਪਤੀਆਂ ਦੇ ਖਿਲਾਫ ਦਾਜ ਕਤਲ ਦਾ ਕੇਸ ਦਰਜ ਕੀਤਾ ਹੈ। ਪੋਸਟਮਾਰਟਮ ਕਰਵਾ ਕੇ ਦੋਹਾਂ ਲਾਸ਼ਾਂ ਨੂੰ ਰੀਤੂ ਦੇ ਪੇਕੇ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਮਾਮਲੇ ਦੀ ਜਾਂਚ ਜਾਰੀ ਹੈ। ਜਲਦ ਹੀ ਦੋਸ਼ੀ ਪੁਲਸ ਦੀ ਗ੍ਰਿਫਤ ''ਚ ਹੋਣਗੇ। ਪੁਲਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਹਾਲਾਂਕਿ ਜੁਲਾਨਾ ਦੀ ਪੰਚਾਇਤ ਕਈ ਘੰਟੇ ਮਨਾਉਂਦੀ ਰਹੀ ਪਰ ਜਦੋਂ ਪੇਕੇ ਵਾਲੇ ਨਹੀਂ ਮੰਨੇ ਤਾਂ ਅੰਤਿਮ ਸੰਸਕਾਰ ਲਈ ਦੋਹਾਂ ਲਾਸ਼ਾਂ ਨੂੰ ਉਨ੍ਹਾਂ ਨੂੰ ਹੀ ਸੌਂਪਣਾ ਪਿਆ।

Disha

This news is News Editor Disha