184 ਕਿਲੋ ਗਾਂਜੇ, 2.13 ਲੱਖ ਨਸ਼ੀਲੇ ਕੈਪਸੂਲ ਬਰਾਮਦ, ਚਾਰ ਤਸਕਰ ਗ੍ਰਿਫ਼ਤਾਰ

06/10/2022 4:44:00 PM

ਹਰਿਆਣਾ (ਵਾਰਤਾ)- ਹਰਿਆਣਾ ਪੁਲਸ ਨੇ ਨਸ਼ੀਲੇ ਪਦਾਰਥਾਂ ਦੇ ਗੈਰ-ਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਕੀਤੀ ਜਾ ਰਹੀ ਕਾਰਵਾਈ ਦੇ ਤਹਿਤ ਪਲਵਲ ਜ਼ਿਲ੍ਹੇ ਤੋਂ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 184 ਕਿਲੋ ਗਾਂਜਾ ਅਤੇ 2.13 ਲੱਖ ਤੋਂ ਵੱਧ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਪੁਲਸ ਬੁਲਾਰੇ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਪਹਿਲੇ ਮਾਮਲੇ 'ਚ ਪੁਲਸ ਨੇ ਗੈਰ-ਕਾਨੂੰਨੀ ਤੌਰ 'ਤੇ ਇਕ ਟਰੈਕਟਰ ਨਾਲ ਜੁੜੇ ਸੈਪਟਿਕ ਟੈਂਕ ਦੇ ਅੰਦਰ ਲੁਕਾ ਕੇ ਵਿਸ਼ਾਖਾਪਟਨਮ ਲਿਆਂਦਾ ਜਾ ਰਿਹਾ 184 ਕਿਲੋ 550 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਬਰਾਮਦ ਨਸ਼ੀਲੇ ਪਦਾਰਥਾਂ ਦੀ ਕੀਮਤ ਕਰੀਬ 50 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੂੰ ਇਕ ਟਰੈਕਟਰ ਨਾਲ ਜੁੜੇ ਸੈਪਟਿਕ ਟੈਂਕ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸੂਚਨਾ ਮਿਲੀ ਸੀ। ਇਸ ਮਗਰੋਂ ਪੁਲਸ ਨੇ ਨਾਕਾਬੰਦੀ ਕਰਕੇ ਦੋਵੇਂ ਵਾਹਨਾਂ ਨੂੰ ਰੋਕ ਲਿਆ।

ਸੈਪਟਿਕ ਟੈਂਕ ਦੀ ਤਲਾਸ਼ੀ ਦੌਰਾਨ 179 ਕਿਲੋ 550 ਗ੍ਰਾਮ ਵਜ਼ਨ ਦੀਆਂ ਪੰਜ ਪਲਾਸਟਿਕ ਦੀਆਂ ਬੋਰੀਆਂ ਜ਼ਬਤ ਕੀਤੀਆਂ ਗਈਆਂ। ਕਾਰ ਵਿੱਚੋਂ ਬਾਕੀ ਪੰਜ ਕਿਲੋ ਗਾਂਜਾ ਬਰਾਮਦ ਹੋਇਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਦੇਵਦੱਤ ਉਰਫ਼ ਚਿੰਟੂ ਵਾਸੀ ਹੋਡਲ, ਨਾਵੇਦ ਖਾਨ ਵਾਸੀ ਦਿੱਲੀ ਅਤੇ ਚਰਨ ਸਿੰਘ ਹੋਡਲ ਵਜੋਂ ਹੋਈ ਹੈ। ਦੂਜੇ ਮਾਮਲੇ ਵਿਚ ਪੁਲਸ ਟੀਮ ਨੂੰ ਇਤਲਾਹ ਮਿਲੀ ਸੀ ਕਿ ਰਾਜਸਥਾਨ ਨੰਬਰ ਵਾਲੀ ਗੱਡੀ ਵਿਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਸੂਚਨਾ ਮਿਲਣ ’ਤੇ ਪੁਲਸ ਟੀਮ ਨੇ ਗੱਡੀ ਨੂੰ ਰੋਕ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਵਾਹਨ ਦੀ ਤਲਾਸ਼ੀ ਦੌਰਾਨ ਪਾਬੰਦੀਸ਼ੁਦਾ ਦਵਾਈਆਂ ਦੀ ਸ਼੍ਰੇਣੀ ਵਿਚ ਆਉਂਦੇ ਕੁੱਲ 2,13,120 ਕੈਪਸੂਲ ਬਰਾਮਦ ਹੋਏ। ਫੜੇ ਗਏ ਮੁਲਜ਼ਮ ਦੀ ਪਛਾਣ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਹਿਣ ਵਾਲੇ ਤਾਇਬ ਵਜੋਂ ਹੋਈ ਹੈ। ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਅਤੇ ਨਸ਼ੀਲੇ ਕੈਪਸੂਲ ਦੀ ਖੇਪ ਪਿੱਛੇ ਉਸ ਦੀ ਭੂਮਿਕਾ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।

DIsha

This news is Content Editor DIsha