POK ''ਚ ਭਾਰਤੀ ਫੌਜ ਦੀ ਜਵਾਬੀ ਕਾਰਵਾਈ ''ਚ ਮਾਰੇ ਗਏ 18 ਅੱਤਵਾਦੀ : ਅਧਿਕਾਰੀ

10/23/2019 1:09:13 PM

ਨਵੀਂ ਦਿੱਲੀ— ਭਾਰਤੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਲੋਂ ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੀ ਨੀਲਮ ਵੈਲੀ 'ਚ ਤੋਪ ਨਾਲ ਦਾਗੇ ਨਾਲ ਗੋਲਿਆਂ 'ਚ 18 ਅੱਤਵਾਦੀ ਮਾਰੇ ਗਏ ਹਨ। ਇਸ ਤੋਂ ਇਲਾਵਾ ਅਕਤੂਬਰ 19 ਅਤੇ 20 ਨੂੰ ਹੋਈ ਕਾਰਵਾਈ 'ਚ ਪਾਕਿਸਤਾਨ ਦੇ 16 ਜਵਾਨ ਵੀ ਮਾਰੇ ਗਏ ਸਨ। ਹਾਲਾਂਕਿ ਫੌਜ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਵਲੋਂ ਕੀਤੀ ਗਈ ਜਵਾਬੀ ਕਾਰਵਾਈ 'ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਸੀ। 

ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਪਾਕਿਸਤਾਨ ਵਲੋਂ ਜੰਗਬੰਦੀ ਉਲੰਘਣ ਕਰਨ ਤੋਂ ਬਾਅਦ ਭਾਰਤ ਨੇ ਉਸ ਨੂੰ ਮੂੰਹ-ਤੋੜ ਜਵਾਬ ਦਿੰਦੇ ਹੋਏ ਕਾਰਵਾਈ ਕੀਤੀ ਸੀ। ਬੀਤੇ ਐਤਵਾਰ ਨੂੰ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ 2 ਵਾਰ ਭਾਰਤੀ ਫੌਜ ਦੀ ਪੀ. ਓ. ਕੇ. 'ਚ ਸਥਿਤ ਲਾਂਚ ਪੈਡ 'ਤੇ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਰੱਖਿਆ ਮੰਤਰੀ ਨੇ ਇਸ ਕਾਰਵਾਈ ਲਈ ਫੌਜ ਮੁਖੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਰਾਵਤ ਨੂੰ ਕਿਹਾ ਕਿ ਕਿਸੇ ਵੀ ਲਾਂਚ ਪੈਡ ਨੂੰ ਨਾ ਬਖਸ਼ਿਆ ਜਾਵੇ ਪਰ ਇਸ ਗੱਲ ਨੂੰ ਯਕੀਨੀ ਕੀਤਾ ਜਾਵੇ ਕਿ ਕਿਸੇ ਵੀ ਬੇਕਸੂਰ ਨਾਗਰਿਕ ਨੂੰ ਨੁਕਸਾਨ ਨਾ ਪੁੱਜੇ। ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਦੀ ਜਵਾਬੀ ਕਾਰਵਾਈ 'ਚ ਪਾਕਿਸਤਾਨ ਦੇ ਗੋਲਾ ਬਾਰੂਦ ਅਤੇ ਰਾਸ਼ਨ ਡਿਪੋ ਬਰਬਾਦ ਹੋ ਗਏ ਸਨ। ਇੱਥੇ ਦੱਸ ਦੇਈਏ ਕਿ ਪਾਕਿਸਤਾਨੀ ਫੌਜ ਵਲੋਂ ਬੀਤੇ ਸ਼ਨੀਵਾਰ ਨੂੰ ਦੋ ਭਾਰਤੀ ਫੌਜੀਆਂ ਅਤੇ ਇਕ ਆਮ ਨਾਗਰਿਕ ਦੀ ਹੱਤਿਆ ਕਰਨ ਤੋਂ ਬਾਅਦ ਭਾਰਤੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਸੀ।

Neha Meniya

This news is Content Editor Neha Meniya