ਤ੍ਰਿਪੁਰਾ ਦੀ ਪੱਛਮੀ ਸਰਹੱਦ ''ਚ 18 ਘੁਸਪੈਠੀਏ ਗ੍ਰਿਫਤਾਰ

10/30/2017 5:03:22 PM

ਤ੍ਰਿਪੁਰਾ— ਇੱਥੋਂ ਦੇ ਸੰਵੇਦਨਸ਼ੀਲ ਪੱਛਮੀ ਸਰਹੱਦ 'ਤੇ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨਾਂ ਦੀ ਭਾਰੀ ਤਾਇਨਾਤੀ ਅਤੇ ਸਖਤ ਨਿਗਰਾਨੀ ਦੇ ਬਾਵਜੂਦ ਐਤਵਾਰ ਦੀ ਰਾਤ ਸੋਨਾਮੁਰਾ ਦੇ ਕਲਮਚੌਰਾ ਥਾਣਾ ਖੇਤਰ ਦੇ ਨਜੁਰਪੁਰਾ ਪਿੰਡ ਦੇ ਲੋਕਾਂ ਨੇ ਬੰਗਲਾਦੇਸ਼ ਤੋਂ ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਕਰੀਬ 18 ਨੌਜਵਾਨਾਂ ਨੂੰ ਫੜ ਲਿਆ। ਪੁਲਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਏ.ਕੇ. ਸ਼ੁਕਲਾ ਦੀ ਅਗਵਾਈ 'ਚ ਸੀਨੀਅਰ ਪੁਲਸ ਅਧਿਕਾਰੀਆਂ ਦੀ ਇਕ ਟੀਮ ਨੇ ਐਤਵਾਰ ਦੇਰ ਰਾਤ ਤੱਕ ਥਾਣੇ 'ਚ ਇਨ੍ਹਾਂ ਲੋਕਾਂ ਤੋਂ ਪੁੱਛ-ਗਿੱਛ ਕੀਤੀ। ਸ਼੍ਰੀ ਸ਼ੁਕਲਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹਿਰਾਸਤ 'ਚ ਲਏ ਗਏ ਇਹ ਨੌਜਵਾਨ ਰੋਹਿੰਗਿਆ ਮੁਸਲਮਾਨ ਨਹੀਂ ਹਨ ਅਤੇ ਇਨ੍ਹਾਂ ਲੋਕਾਂ ਕੋਲ ਪੱਛਮੀ ਬੰਗਾਲ ਤੋਂ ਜਾਰੀ ਆਧਾਰ ਕਾਰਡ ਵਰਗੇ ਦਸਤਾਵੇਜ਼ ਬਰਾਮਦ ਹੋਏ ਹਨ।
ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਖੁਦ ਨੂੰ ਪੱਛਮੀ ਬੰਗਾਲ ਦੇ ਮੁਰਸ਼ਦਾਬਾਦ ਜ਼ਿਲੇ ਦੇ ਜੰਗੀਪੁਰ ਦਾ ਵਾਸੀ ਦੱਸਿਆ ਹੈ ਪਰ ਇਹ ਲੋਕ ਪੱਛਮੀ ਬੰਗਾਲ ਦੇ ਮੂਲ ਵਾਸੀ ਨਹੀਂ ਲੱਗ ਰਹੇ ਹਨ। ਉਨ੍ਹਾਂ ਕੋਲ ਭਾਰਤੀ ਸਿਮ ਕਾਰਡ ਵੀ ਹਨ। ਕਲਮਚੌਰਾ ਥਾਣੇ ਦੇ ਇੰਚਾਰਜ ਕ੍ਰਿਸ਼ਨਧਨ ਸਰਕਾਰ ਨੇ ਦੱਸਿਆ,''ਅਸੀਂ ਫਿਲਹਾਲ ਇਨ੍ਹਾਂ ਦੀ ਅਸਲ ਪਛਾਣ ਨਹੀਂ ਦੱਸ ਸਕਦੇ। ਸਹੀ ਸੱਚ ਸਾਹਮਣੇ ਆਉਣ ਤੋਂ ਬਾਅਦ ਹੀ ਅਸੀਂ ਇਨ੍ਹਾਂ ਬਾਰੇ ਜਾਣਕਾਰੀ ਦੇ ਸਕਾਂਗੇ।''