ਸ਼ਰਾਬ ਪੀ ਕੇ ਬੰਦ ਕਰ ਦਿੱਤਾ ਸੀ ਚੌਕੀਦਾਰ ਨੇ ਗੇਟ, ਜਿਸ ਕਾਰਨ ਹੋਈਆਂ 17 ਮੌਤਾਂ

01/22/2018 12:31:23 PM

ਨਵੀਂ ਦਿੱਲੀ— ਜੇਕਰ ਫੈਕਟਰੀ ਗੇਟ ਖੁੱਲ੍ਹਿਆ ਹੁੰਦਾ ਤਾਂ ਬਵਾਨਾ ਅਗਨੀਕਾਂਡ 'ਚ ਜਿਨ੍ਹਾਂ 17 ਲੋਕਾਂ ਦੀ ਮੌਤ ਹੋਈ, ਸ਼ਾਇਦ ਉਨ੍ਹਾਂ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਦਾ ਖੁਲਾਸਾ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚੇ ਇਕ ਮਜ਼ਦੂਰ ਨੇ ਕੀਤਾ ਹੈ। ਇਕ ਰਿਪੋਰਟ ਅਨੁਸਾਰ ਹਾਦਸੇ ਦੇ ਸਮੇਂ ਫੈਕਟਰੀ 'ਚ ਮੌਜੂਦ ਰਹੇ ਇਕ ਮਜ਼ਦੂਰ ਨੇ ਦੱਸਿਆ ਕਿ ਮਾਲਕ ਮਨੋਜ ਜੈਨ ਰੋਜ਼ ਫੈਕਟਰੀ ਦਾ ਦਰਵਾਜ਼ਾ ਇਸ ਲਈ ਲਾਕ ਕਰਵਾ ਦਿੰਦਾ ਸੀ ਤਾਂ ਕਿ ਮਜ਼ਦਰ 6 ਘੰਟੇ ਦੀ ਸ਼ਿਫਟ ਪੂਰੀ ਕਰ ਕੇ ਹੀ ਬਾਹਰ ਨਿਕਲ ਸਕਣ। ਜੈਨ ਦੇ ਕਹਿਣ 'ਤੇ ਹਾਦਸੇ ਦੇ ਦਿਨ ਵੀ ਚੌਕੀਦਾਰ ਨੇ ਦਰਵਾਜ਼ਾ ਲਾਕ ਕਰ ਕੇ ਰੱਖਿਆ ਸੀ। ਅੱਗ ਲੱਗਣ ਦੀ ਖਬਰ ਸਭ ਤੋਂ ਪਹਿਲਾਂ ਚੌਕੀਦਾਰ ਨੂੰ ਲੱਗੀ ਸੀ ਪਰ ਉਹ ਸ਼ਰਾਬ ਦੇ ਨਸ਼ੇ 'ਚ ਸੀ, ਇਸ ਲਈ ਸਮੇਂ ਰਹਿੰਦੇ ਗੇਟ ਨਹੀਂ ਖੋਲ੍ਹ ਸਕਿਆ। ਜੇਕਰ ਉਹ ਗੇਟ ਖੋਲ੍ਹ ਦਿੰਦਾ ਤਾਂ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ। ਸੂਤਰਾਂ ਅਨੁਸਾਰ ਪੁਲਸ ਮਾਲਕ ਸਮੇਤ ਚੌਕੀਦਾਰ 'ਤੇ ਵੀ ਕਾਰਵਾਈ ਕਰ ਸਕਦੀ ਹੈ। ਫਿਲਹਾਲ ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੀ ਪਹਿਲੀ ਮੰਜ਼ਲ ਅਤੇ ਖਿੜਕੀਆਂ ਵੀ ਮਾਲਕ ਨੇ ਵਾਇਰ ਨਾਲ ਬੰਦ ਕਰਵਾ ਰੱਖੀਆਂ ਸਨ। ਬਾਲਕਨੀ ਤੋਂ ਵੀ ਹੇਠਾਂ ਉਤਰਨ ਲਈ ਪੌੜੀਆਂ ਨਹੀਂ ਸਨ। ਇਹੀ ਕਾਰਨ ਰਿਹਾ ਕਿ ਅੱਗ ਲੱਗਣ ਤੋਂ ਬਾਅਦ ਮਜ਼ਦੂਰਾਂ ਕੋਲ ਛੱਤ ਤੋਂ ਛਾਲ ਮਾਰਨ ਤੋਂ ਇਲਾਵਾ ਕੋਈ ਵੀ ਚਾਰਾ ਨਹੀਂ ਰਿਹਾ। ਫੈਕਟਰੀ 'ਚ ਕੰਮ ਕਰਨ ਵਾਲੇ ਇਕ ਹੋਰ ਮਜ਼ਦੂਰ ਨੇ ਦੱਸਿਆ,''ਸਾਨੂੰ ਇਹ ਕਹਿ ਕੇ ਫੈਕਟਰੀ 'ਚ ਲਿਜਾਇਆ ਗਿਆ ਸੀ ਕਿ ਬੋਤਲ 'ਚ ਪਲਾਸਟਿਕ ਗ੍ਰੇਨੁਅਲ ਭਰਨੇ ਹਨ। ਇਸ ਦੇ 6 ਤੋਂ 8 ਹਜ਼ਾਰ ਰੁਪਏ ਮਿਲਦੇ ਸਨ। ਜਦੋਂ ਅਸੀਂ ਫੈਕਟਰੀ ਗਏ ਤਾਂ ਉੱਥੇ ਸਾਡੇ ਕੋਲੋਂ ਬੋਤਲ 'ਚ ਬਾਰੂਦ ਭਰਵਾਇਆ ਗਿਆ। ਬਾਅਦ 'ਚ ਇਸ ਕੰਮ ਦੇ ਸਾਨੂੰ 10 ਹਜ਼ਾਰ ਰੁਪਏ ਮਿਲਣ ਲੱਗੇ। ਸ਼ੁਰੂਆਤ 'ਚ ਅਸੀਂ ਕੰਮ ਕੀਤਾ ਪਰ ਬਾਅਦ 'ਚ ਸਾਡੀ ਸਿਹਤ 'ਤੇ ਅਸਰ ਪੈਣ ਲੱਗਾ। ਕਈਆਂ ਨੇ ਸਿਹਤ ਖਰਾਬ ਹੋਣ 'ਤੇ ਕੰਮ ਕਰਨਾ ਛੱਡ ਦਿੱਤਾ।'' ਰੋਹਿਣੀ ਡੀ.ਸੀ.ਪੀ. ਰਜਨੀਸ਼ ਗੁਪਤਾ ਨੇ ਦੱਸਿਆ,''ਐੱਫ.ਐੱਸ.ਐੱਲ. ਟੀਮ ਨੇ ਫੈਕਟਰੀ ਦਾ ਨਿਰੀਖਣ ਕੀਤਾ ਹੈ। ਕਰੀਬ ਚਾਰ ਘੰਟੇ ਟੀਮ ਨੇ ਫੈਕਟਰੀ ਦੀ ਜਾਂਚ ਕੀਤੀ। ਸੈਂਪਲ ਇਕੱਠੇ ਕੀਤੇ ਗਏ। ਸੋਮਵਾਰ ਨੂੰ ਫੈਕਟਰੀ ਦੇ ਮਾਲਕ ਮਨੋਜ ਜੈਨ ਨੂੰ ਕੋਰਟ 'ਚ ਪੇਸ਼ ਕੀਤਾ ਜਾਵੇਗਾ।''