ਹਰਿਆਣਾ ਦੇ ਪਿੰਡ ਚੌਟਾਲਾ ਦੇ ਛੱਪੜ ’ਚ ਮਿਲਿਆ 150 ਸਾਲ ਦੀ ਉਮਰ ਵਾਲਾ ਕੱਛੂਕੁੰਮਾ

05/19/2023 1:10:57 PM

ਡਬਵਾਲੀ, (ਸੰਦੀਪ)- ਹਰਿਆਣਾ ਦੇ ਡਬਵਾਲੀ ਕਸਬੇ ਦੇ ਚੌਟਾਲਾ ਪਿੰਡ ਵਿਚ 12 ਏਕੜ ਵਿਚ ਬਣੇ ਪਿੰਡ ਦੇ ਮੁੱਖ ਜੌਹੜ ਦੀ ਖੋਦਾਈ ਕਰਦੇ ਸਮੇਂ 150 ਕਿਲੋਗ੍ਰਾਮ ਭਾਰੇ ਕੱਛੂਕੁੰਮਾ ਮਿਲਿਆ ਹੈ। ਕੱਛੂਕੁੰਮਾ ਮਿਲਣ ਦੀ ਸੂਚਨਾ ਤੋਂ ਬਾਅਦ ਜ਼ਿਲਾ ਅਤੇ ਜੰਗਲਾਤ ਪ੍ਰਾਣੀ ਵਿਭਾਗ ਤੋਂ ਜੰਗਲਾਤ ਪ੍ਰਾਣੀ ਨਿਰੀਖਕ ਮੌਕੇ ’ਤੇ ਪਹੁੰਚੇ।

ਜੌਹੜ ਦੀ ਖੋਦਾਈ ਕਾਰਨ ਕੱਛੂਕੁੰਮੇ ਨੂੰ ਕੁਝ ਦਿਨਾਂ ਲਈ ਨੇੜੇ ਦੇ ਖੇਤ ਵਿਚ ਬਣੀ ਪਾਣੀ ਦੀ ਡਿੱਗੀ ਵਿਚ ਰੱਖਿਆ ਗਿਆ ਹੈ। ਇਥੇ ਜੰਗਲੀ ਪ੍ਰਾਣੀ ਵਿਭਾਗ ਵਲੋਂ ਕੱਛੂਕੁੰਮੇ ਲਈ ਭੋਜਨ ਵਿਚ ਮੱਛੀ ਅਤੇ ਤਰਬੂਜ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਪਾਣੀ ਦੀ ਡਿੱਗੀ ਵਿਚ ਹੁਣ ਕੱਛੁਕੁੰਮੇ ਨੂੰ ਰੱਖਿਆ ਗਿਆ ਹੈ, ਉਹ ਉਸਦੇ ਰਹਿਣ ਮੁਤਾਬਕ ਹੈ।

ਜ਼ਿਲਾ ਜੰਗਲਾਤ ਪ੍ਰਾਣੀ ਵਿਭਾਗ ਵਿਚ ਜੰਗਲਾਤ ਪ੍ਰਾਣੀ ਨਿਰੀਖਕ ਲੀਲੂ ਰਾਮ ਮੁਤਾਬਤ ਮਛੇਰੇ ਜੌਹੜ ਤੋਂ ਮੱਛੀ ਫੜਨ ਲਈ ਜਾਲ ਸੁੱਟ ਰਹੇ ਸਨ। ਜਿਸ ਤੋਂ ਬਾਅਦ ਮਛੇਰਿਆਂ ਨੇ ਪਤਾ ਲਗਾਇਆ ਤਾਂ ਇਸ ਵਿਸ਼ਾਲ ਕੱਛੁਕੁੰਮੇ ਦਾ ਪਤਾ ਲੱਗਾ। ਕੱਛੁਕੁੰਮਾ ਏਸ਼ੀਆਟਿਕ ਸਾਫਟਸ਼ੈੱਲ ਟਰਟਲ (ਏਮੀਡਾ ਕਾਟਲਾਜੀਨੀਆ) ਨਾਮੀ ਨਸਲ ਦੇ ਇਕ ਕੱਛੁਕੁੰਮੇ ਦੀ ਉਮਰ ਲਗਭਗ 150 ਸਾਲ ਹੈ। ਕੱਛੁਕੁੰਮੇ ਦੀ ਇਹ ਨਸਲ ਦੁਰਲੱਭ ਹੈ। ਇਸ ਨਸਲ ਦੇ ਕੱਛੁਕੰਮੇ ਦੀ ਉਮਰ 200 ਤੋਂ 250 ਸਾਲ ਤੱਕ ਹੁੰਦੀ ਹੈ। ਜੌਹੜ ਦੀ ਖੋਦਾਈ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੱਛੁਕੁੰਮੇ ਨੂੰ ਵਾਪਸ ਜੌਹੜ ਵਿਚ ਛੱਡ ਦਿੱਤਾ ਜਾਏਗਾ।

Rakesh

This news is Content Editor Rakesh