ਦਿੱਲੀ ਦੀ ਰੋਹਿਣੀ ਜੇਲ 'ਚ 15 ਕੈਦੀ ਨਿਕਲੇ ਕੋਰੋਨਾ ਪਾਜ਼ੇਟਿਵ

05/16/2020 4:15:38 PM

ਨਵੀਂ ਦਿੱਲੀ (ਵਾਰਤਾ)— ਰਾਜਧਾਨੀ ਦਿੱਲੀ ਦੀ ਰੋਹਿਣੀ ਜੇਲ ਦੇ ਇਕ ਕੈਦੀ ਦੇ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਉਨ੍ਹਾਂ ਨਾਲ ਰਹਿਣ ਵਾਲੇ 19 'ਚੋਂ 15 ਕੈਦੀ ਅਤੇ ਜੇਲ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਤਿਹਾੜ ਜੇਲ ਦੇ ਅਧਿਕਾਰੀ ਸੰਦੀਪ ਗੋਇਲ ਨੇ ਦੱਸਿਆ ਕਿ ਰੋਹਿਣੀ ਜੇਲ ਵਿਚ ਇਕ ਕੈਦੀ ਕੁਲਦੀਪ ਹਾਲ ਹੀ 'ਚ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਨਾਲ ਬੈਰਕ ਵਿਚ ਰਹਿਣ ਵਾਲੇ 19 ਕੈਦੀਆਂ ਦੀ ਕੋਰੋਨਾ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 15 ਕੈਦੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਜੇਲ ਅਧਿਕਾਰੀ ਨੇ ਦੱਸਿਆ ਕਿ ਕੈਦੀ ਕੁਲਦੀਪ ਨੂੰ ਅੰਤੜੀਆਂ ਸਬੰਧੀ ਬੀਮਾਰੀ ਕਾਰਨ 10 ਮਈ ਨੂੰ ਦੀਨ ਉਪਾਧਿਆਏ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ ਅਤੇ 11 ਮਈ ਨੂੰ ਉਸ ਦਾ ਆਪਰੇਸ਼ਨ ਹੋਇਆ ਸੀ। ਆਪਰੇਸ਼ਨ ਵਾਲੇ ਦਿਨ ਹੀ ਉਸ ਦੀ ਜਾਂਚ ਕੀਤੀ ਗਈ ਸੀ ਅਤੇ ਅਗਲੇ ਦਿਨ ਰਿਪੋਰਟ ਆਈ, ਜਿਸ ਵਿਚ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ। ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਸ ਨੂੰ ਲੋਕ ਨਾਇਕ ਜੈਪ੍ਰਕਾਸ਼ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਕੈਦੀਆਂ 'ਚੋਂ 15 ਕੋਰੋਨਾ ਪਾਜ਼ੇਟਿਵ ਪਾਏ ਗਏ, ਜਦਕਿ 5 ਜੇਲ ਕਰਮਚਾਰੀਆਂ ਦੀ ਵੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ ਹੈੱਡ ਵਾਰਡਰ ਵਿਨੈ ਕੁਮਾਰ ਕੋਰੋਨਾ ਪਾਜ਼ੇਟਿਵ ਪਾਏ ਗਏ।

ਗੋਇਲ ਨੇ ਦੱਸਿਆ ਕਿ ਕਿਸੇ 'ਚ ਕੋਈ ਲੱਛਣ ਨਹੀਂ ਦਿਖਾਈ ਦਿੱਤਾ ਹੈ। ਗੋਇਲ ਨੇ ਕਿਹਾ ਕਿ ਕੋਰੋਨਾ ਪਾਜ਼ੇਟਿਵ ਪਾਏ ਜਾਣ ਵਾਲਿਆਂ ਨੂੰ ਕੁਆਰੰਟੀਨ ਬੈਰਕ ਵਿਚ ਰੱਖਿਆ ਗਿਆ ਹੈ। ਜੇਲ ਕਰਮਚਾਰੀ ਨੂੰ ਘਰ 'ਚ ਹੀ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੁਝ ਹੋਰ ਕਰਮਚਾਰੀਆਂ ਨੂੰ ਵੀ ਘਰ 'ਚ ਹੀ ਕੁਆਰੰਟੀਨ ਵਿਚ ਭੇਜ ਦਿੱਤਾ ਗਿਆ। ਕੈਦੀਆਂ ਦੀ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ। ਜੇਲ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।


Tanu

Content Editor

Related News