ਅਸਾਮ ’ਚ ਜ਼ਹਿਰੀਲੀ ਮਸ਼ਰੂਮ ਖਾਣ ਨਾਲ 13 ਲੋਕਾਂ ਦੀ ਮੌਤ

04/13/2022 3:42:43 PM

ਡਿਬਰੂਗੜ੍ਹ- ਅਸਾਮ ਦੇ 4 ਜ਼ਿਲ੍ਹਿਆਂ ’ਚ ਜ਼ਹਿਰੀਲੀ ਮਸ਼ਰੂਮ ਖਾਣ ਨਾਲ ਇਕ ਹਫ਼ਤੇ ਦੇ ਅੰਦਰ 13 ਲੋਕਾਂ ਦੀ ਮੌਤ ਹੋ ਗਈ। ਸਾਰੇ ਪੀੜਤਾਂ ਨੂੰ ਡਿਬਰੂਗੜ੍ਹ ਜ਼ਿਲ੍ਹੇ ਦੇ ਅਸਾਮ ਮੈਡੀਕਲ ਕਾਲਜ ਅਤੇ ਹਸਪਤਾਲ (ਏ.ਐਮ. ਸੀ. ਐਚ.) ਵਿਚ ਦਾਖਲ ਕਰਵਾਇਆ ਗਿਆ ਹੈ। ਏ. ਐੱਮ. ਸੀ. ਐਚ. ਦੇ ਸੁਪਰਡੈਂਟ ਡਾਕਟਰ ਪ੍ਰਸ਼ਾਂਤ ਦਿਹਿੰਗੀਆ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੀੜਤਾਂ ਦੀ ਏ. ਐੱਮ. ਸੀ. ਐਚ. ’ਚ ਇਲਾਜ ਦੌਰਾਨ ਮੌਤ ਹੋ ਗਈ। 

ਡਾਕਟਰ ਪ੍ਰਸ਼ਾਤ ਦਿਹਿੰਗੀਆ ਨੇ ਕਿਹਾ, "ਪਿਛਲੇ 7 ਦਿਨਾਂ ਅੰਦਰ ਜ਼ਹਿਰੀਲੇ ਮਸ਼ਰੂਮ ਦੇ ਸੇਵਨ ਕਾਰਨ ਇਕ ਨਾਬਾਲਗ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ। ਉੱਪਰੀ ਅਸਾਮ ਖੇਤਰ ਦੇ ਚਾਰ ਜ਼ਿਲ੍ਹਿਆਂ ਤੋਂ ਕੁੱਲ 39 ਮਰੀਜ਼ ਹਸਪਤਾਲ ਵਿਚ ਦਾਖਲ ਹਨ, ਜਿਨ੍ਹਾਂ ਵਿਚੋਂ 13 ਲੋਕਾਂ ਦੀ ਮੌਤ ਹੋ ਗਈ।" 

ਡਾਕਟਰ ਨੇ ਅੱਗੇ ਦੱਸਿਆ ਕਿ ਪੀੜਤ ਡਿਬਰੂਗੜ੍ਹ, ਤਿਨਸੁਕੀਆ, ਸ਼ਿਵਸਾਗਰ ਅਤੇ ਚਰਾਈਦੇਵ ਜ਼ਿਲ੍ਹਿਆਂ ਦੇ ਸਨ। ਡਾ: ਦਿਹਿੰਗੀਆ ਨੇ ਅੱਗੇ ਕਿਹਾ, "ਉਨ੍ਹਾਂ ਵਿੱਚੋਂ ਜ਼ਿਆਦਾਤਰ ਚਾਹ ਦੇ ਬਾਗਾਂ ਦੇ ਖੇਤਰਾਂ ਤੋਂ ਹਨ। ਉੱਪਰੀ ਅਸਾਮ ਖੇਤਰ ਦੇ ਬਹੁਤ ਸਾਰੇ ਲੋਕ ਹਰ ਸਾਲ ਜ਼ਹਿਰੀਲੀ ਮਸ਼ਰੂਮ ਖਾਣ ਤੋਂ ਬਾਅਦ ਬੀਮਾਰ ਹੋ ਜਾਂਦੇ ਹਨ।"

Tanu

This news is Content Editor Tanu