114 ਪਾਕਿਸਤਾਨੀ ਹੋਏ ਭਾਰਤੀ, ਦੱਸਿਆ ਕਿਉਂ ਸਭ ਕੁਝ ਛੱਡ ਕੇ ਆਏ ਭਾਰਤ

07/21/2017 5:07:52 PM

ਅਹਿਮਦਾਬਾਦ— ਨੰਦਲਾਲ ਮੇਘਾਨੀ, ਡਾ. ਵਿਸ਼ਨਦਾਸ ਮਨਕਾਨੀ ਅਤੇ ਕਿਸ਼ਨਲਾਲਾ ਅਡਵਾਨੀ ਉਨ੍ਹਾਂ 114 ਪਾਕਿਸਤਾਨੀ ਲੋਕਾਂ 'ਚੋਂ ਇਕ ਹਨ, ਜਿਨ੍ਹਾਂ ਨੂੰ ਹਾਲ ਹੀ 'ਚ ਭਾਰਤ ਦੀ ਨਾਗਰਿਕਤਾ ਮਿਲੀ ਹੈ। ਇਨ੍ਹਾਂ ਸਾਰੇ ਲੋਕਾਂ ਨੂੰ ਸ਼ੁੱਕਰਵਾਰ ਨੂੰ ਭਾਰਤ ਦੀ ਨਾਗਰਿਕਤਾ ਦਾ ਪ੍ਰਮਾਣ ਪੱਤਰ ਮਿਲਿਆ। ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਘਾਟਲੋਡੀਆ 'ਚ ਰਹਿਣ ਵਾਲੇ 50 ਸਾਲਾ ਨੰਦਲਾਲ ਮੇਘਾਨੀ ਨੇ ਕਿਹਾ,''16 ਸਾਲ ਪਹਿਲਾਂ ਪਾਕਿਸਤਾਨ ਦੇ ਸਿੰਧ ਤੋਂ ਮੈਂ ਆਪਣਾ ਪਤਨੀ ਅਤੇ ਬੇਟੀ ਨਾਲ ਭਾਰਤ ਆ ਗਿਆ ਸੀ। ਭਾਰਤ 'ਚ ਨਵੀਂ ਸ਼ੁਰੂਆਤ ਕਰਨ ਲਈ ਉੱਥੇ ਅਸੀਂ ਆਪਣਾ ਘਰ ਅਤੇ ਬਿਜ਼ਨੈੱਸ ਵੇਚ ਦਿੱਤਾ। ਅਸੀਂ ਭਾਰਤ 'ਚ ਆਮ ਲੋਕਾਂ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਸੀ ਅਤੇ ਇੱਥੇ ਆ ਕੇ ਨਾਗਰਿਕਤਾਂ ਲਈ ਅਪੀਲ ਕਰ ਦਿੱਤੀ। ਭਾਰਤ 'ਚ ਸ਼ਰਨ ਲੈਣ ਦਾ ਮੁੱਖ ਕਾਰਨ ਪਾਕਿਸਤਾਨ 'ਚ ਅਪਰਾਧ ਦੀ ਉੱਚ ਦਰ ਹੈ। ਇਹੀ ਨਹੀਂ ਲਗਾਤਾਰ ਵਧਦੇ ਅੱਤਵਾਦ ਕਾਰਨ ਪਾਕਿਸਤਾਨ ਦੇ ਸਾਡੇ ਮੁਸਲਮ ਦੋਸਤਾਂ ਨੇ ਵੀ ਸਾਨੂੰ ਭਾਰਤ 'ਚ ਸ਼ਿਫਟ ਹੋਣ ਲਈ ਪ੍ਰੇਰਿਤ ਕੀਤਾ। 
ਪਾਕਿਸਤਾਨ ਤੋਂ ਆਏ 59 ਸਾਲਾ ਕਿਸ਼ਨਲਾਲ ਅਡਾਨੀ ਨੇ ਕਿਹਾ,''ਮੈਂ 2005 'ਚ ਪਤਨੀ ਅਤੇ 4 ਬੇਟਿਆਂ ਨਾਲ ਭਾਰਤ ਆਇਆ ਸੀ। ਮੇਰੇ ਬੇਟੇ ਕੱਲ ਆ ਰਹੇ ਹਨ ਅਤੇ ਅਸੀਂ ਨੂੰਹਾਂ ਸਮੇਤ ਭਾਰਤੀ ਨਾਗਰਿਕਾਂ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਾਂ।'' ਅਡਾਨੀ ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਕੜ ਕਸਬੇ 'ਚ ਜਨਰਲ ਸਟੋਰ ਚਲਾਉਂਦੇ ਸਨ। ਭਾਰਤ 'ਚ ਆਪਣੇ ਬੇਟਿਆਂ ਨਾਲ ਉਨ੍ਹਾਂ ਨੇ ਭਾਂਡਿਆਂ ਦੀ ਦੁਕਾਨ ਸ਼ੁਰੂ ਕੀਤੀ ਹੈ। ਪਾਕਿਸਤਾਨ ਤੋਂ ਆਉਣ ਵਾਲੇ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੇ ਮਾਮਲੇ 'ਚ ਜ਼ਿਲਾ ਅਧਿਕਾਰੀਆਂ ਨੂੰ ਅਧਿਕਾਰ ਦਿੱਤੇ ਜਾਣ ਦੀ ਤਾਰੀਫ ਕਰਦੇ ਹੋਏ ਵਿਸ਼ਨਦਾਸ ਮਨਕਾਨੀ ਨੇ ਦੱਸਿਆ ਕਿ 2001 'ਚ ਉਹ ਆਪਣੇ 4 ਬੱਚਿਆਂ ਨਾਲ ਭਾਰਤ ਆਏ ਸਨ। ਮਨਕਾਨੀ ਨੇ ਕਿਹਾ,''ਮੈਨੂੰ ਅਤੇ ਮੇਰੀ ਪਤਨੀ ਨੂੰ 2016 'ਚ ਭਾਰਤੀ ਨਾਗਰਿਕਤਾ ਮਿਲੀ ਸੀ। ਅਸੀਂ ਭਾਰਤ 'ਚ ਹੋਏ ਵਿਕਾਸ ਤੋਂ ਪ੍ਰਭਾਵਿਤ ਹਾਂ, ਜੋ ਪਾਕਿਸਤਾਨ 'ਚ ਨਹੀਂ ਦਿੱਸਦਾ. ਇਸ ਤੋਂ ਇਲਾਵਾ ਭਾਰਤ 'ਚ ਸੁਰੱਖਿਅਤ ਮਾਹੌਲ ਵੀ ਸਾਨੂੰ ਇੱਥੇ ਖਿੱਚ ਲਿਆਇਆ।''