ਝਾਰਖੰਡ 'ਚ ਹੋਇਆ IED ਧਮਾਕਾ, 11 ਜਵਾਨ ਜ਼ਖਮੀ

05/28/2019 8:40:46 AM

ਰਾਂਚੀ— ਝਾਰਖੰਡ ਦੇ ਸਰਾਇਕੇਲਾ ਖਰਸਾਵਾਂ ਜ਼ਿਲੇ 'ਚ ਮੰਗਲਵਾਰ ਤੜਕੇ ਨਕਸਲੀਆਂ ਦੇ ਆਈ. ਈ. ਡੀ. ਧਮਾਕੇ 'ਚ ਸੀ. ਆਰ. ਪੀ. ਐੱਫ. ਅਤੇ ਸੂਬਾ ਪੁਲਸ ਦੇ 11 ਜਵਾਨ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਸੀ. ਆਰ. ਪੀ. ਐੱਫ. ਦੀ ਇਕ ਵਿਸ਼ੇਸ਼ ਜੰਗਲ ਯੁੱਧ ਇਕਾਈ ਕੋਬਰਾ ਅਤੇ ਸੂਬਾ ਪੁਲਸ ਦਾ ਸਾਂਝਾ ਦਲ ਜ਼ਿਲੇ 'ਚ ਕੁਚਾਈ ਇਲਾਕੇ ਦੇ ਜੰਗਲਾਂ 'ਚ ਇਕ ਮੁਹਿੰਮ ਚਲਾ ਰਿਹਾ ਸੀ । ਤੜਕੇ ਤਕਰੀਬਨ 5 ਵਜੇ ਇਹ ਧਮਾਕਾ ਹੋਇਆ।

ਅਧਿਕਾਰੀਆਂ ਨੂੰ ਸ਼ੱਕ ਹੈ ਕਿ ਆਈ. ਈ. ਡੀ. ਨੂੰ ਕੱਚੀ ਸੜਕ ਦੇ ਹੇਠਾਂ ਦਬਾ ਕੇ ਰੱਖਿਆ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੋਬਰਾ ਦੇ 8 ਅਤੇ ਸੂਬਾ ਪੁਲਸ ਦੇ 3 ਜਵਾਨ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਜਹਾਜ਼ ਰਾਹੀਂ ਸੂਬੇ ਦੀ ਰਾਜਧਾਨੀ ਰਾਂਚੀ 'ਚ ਲਿਆਂਦਾ ਗਿਆ। ਜ਼ਿਕਰਯੋਗ ਹੈ ਕਿ ਸਾਂਝੇ ਦਲ ਦੀ ਅਗਵਾਈ ਕੋਬਰਾ ਦੀ 209ਵੀਂ ਬਟਾਲੀਅਨ ਕਰ ਰਹੀ ਸੀ।