ਪਰਿਵਾਰ ਦੀ ਮਦਦ ਲਈ ਸਬਜ਼ੀਆਂ ਵੇਚਦੀ ਹੈ 102 ਸਾਲ ਦੀ ਬੇਬੇ, ਲੋਕਾਂ ਲਈ ਬਣੀ ਮਿਸਾਲ

06/04/2022 4:53:13 PM

ਕੋਲਕਾਤਾ (ਭਾਸ਼ਾ)- ਪੱਛਮੀ ਬੰਗਾਲ ਦੀ 102 ਸਾਲਾ ਲਕਸ਼ਮੀ ਮੈਤੀ ਲਈ ਉਮਰ ਸਿਰਫ਼ ਇਕ ਗਿਣਤੀ ਹੈ, ਜੋ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਪਿਛਲੇ 5 ਦਹਾਕਿਆਂ ਤੋਂ ਸਬਜ਼ੀਆਂ ਵੇਚਣ ਦਾ ਕੰਮ ਕਰ ਰਹੀ ਹੈ। ਇਸ ਉਮਰ ਵਿਚ ਵੀ ਲਕਸ਼ਮੀ ਮੈਤੀ ਆਪਣੀ ਮਜ਼ਬੂਤ ​​ਇੱਛਾ ਸ਼ਕਤੀ ਅਤੇ ਕੰਮ ਕਰਨ ਦੇ ਇਰਾਦੇ ਨਾਲ ਲੋਕਾਂ ਲਈ ਇਕ ਮਿਸਾਲ ਬਣੀ ਹੋਈ ਹੈ। ਪੱਛਮੀ ਬੰਗਾਲ ਦੇ ਪੂਰਬਾ ਮੇਦਿਨੀਪੁਰ ਜ਼ਿਲ੍ਹੇ ਦੇ ਜੋਗੀਬੇਰਹ ਪਿੰਡ ਦੀ ਰਹਿਣ ਵਾਲੀ ਲਕਸ਼ਮੀ ਮੈਤੀ ਹਰੇਕ ਦਿਨ ਸਵੇਰੇ 4 ਵਜੇ ਕੋਲਾਘਾਟ ਤੋਂ ਥੋਕ 'ਚ ਸਬਜ਼ੀਆਂ ਖਰੀਦਦੀ ਹੈ ਅਤੇ ਰਿਕਸ਼ਾ 'ਚ ਲੱਦ ਕੇ ਸਥਾਨਕ ਬਾਜ਼ਾਰ ਵਿਚ ਵੇਚਣ ਲਈ ਲਿਜਾਂਦੀ ਹੈ। ਆਪਣੇ ਹਾਲਾਤਾਂ ਬਾਰੇ ਗੱਲ ਕਰਦੇ ਹੋਏ ਲਕਸ਼ਮੀ ਨੇ ਕਿਹਾ,"ਲਗਭਗ 48 ਸਾਲ ਪਹਿਲਾਂ ਮੇਰੇ ਪਤੀ ਦੀ ਮੌਤ ਤੋਂ ਬਾਅਦ ਅਸੀਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਅਤੇ ਕਈ ਦਿਨ ਬਿਨਾਂ ਭੋਜਨ ਦੇ ਰਹਿਣਾ ਪਿਆ। ਇਸ ਤੋਂ ਬਾਅਦ ਘਰ ਚਲਾਉਣ ਲਈ ਮੈਂ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕੀਤਾ। ਉਸ ਸਮੇਂ ਮੇਰਾ ਪੁੱਤਰ ਸਿਰਫ਼ 16 ਸਾਲਾਂ ਦਾ ਸੀ। ਉਨ੍ਹਾਂ ਦਿਨੀਂ ਜਦੋਂ ਮੈਂ ਕਦੇ ਬੀਮਾਰ ਹੋ ਜਾਂਦੀ ਸੀ ਤਾਂ ਸਾਨੂੰ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਹਾਲਾਂਕਿ ਮੈਂ ਹਮੇਸ਼ਾ ਤੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਾਂ।''

ਇਹ ਵੀ ਪੜ੍ਹੋ : ਦਿੱਲੀ ਹਾਈ ਕੋਰਟ ਨੇ ਹਵਾਈ ਅੱਡਿਆਂ ’ਚ ਮਾਸਕ ਨਾ ਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ

ਹਾਲਾਂਕਿ ਪਿਛਲੇ ਇਕ ਦਹਾਕੇ 'ਚ ਗੈਰ-ਸਰਕਾਰੀ ਸੰਗਠਨ ਹੇਲਪਏਜ਼ ਇੰਡੀਆ ਦੇ ਸਮਰਥਨ ਦੀ ਬਦੌਲਤ ਲਕਸ਼ਮੀ ਮੈਤੀ ਦੀ ਸਥਿਤੀ 'ਚ ਸੁਧਾਰ ਹੋਇਆ ਹੈ, ਜਿਸ ਨੇ ਬਜ਼ੁਰਗ ਔਰਤਾਂ ਲਈ ਈ.ਐੱਸ.ਐੱਚ.ਜੀ. (ਬਜ਼ੁਰਗ ਸਵੈ ਸਹਾਇਤਾ ਸਮੂਹ) ਯੋਜਨਾ ਸ਼ੁਰੂ ਕੀਤੀ ਹੈ। ਗੈਰ-ਸਰਕਾਰੀ ਸੰਗਠਨ ਹੈਲਪਏਜ਼ ਇੰਡੀਆ ਦੀ ਮਦਦ ਨਾਲ ਲਕਸ਼ਮੀ ਦੇ ਘਰ ਦੀ ਸਥਿਤੀ 'ਚ ਵੀ ਸੁਧਾਰ ਆਇਆ ਹੈ ਅਤੇ ਉਸ ਦੇ ਘਰ ਹੁਣ ਨਵਾਂ ਫਰਨੀਚਰ ਅਤੇ ਇਕ ਟੈਲੀਵਿਜ਼ਨ ਸੈੱਟ ਵੀ ਹੈ। ਲਕਸ਼ਮੀ ਨੇ ਕਿਹਾ,''ਸਾਡੀ ਸਥਿਤੀ 8 ਸਾਲ ਪਹਿਲਾਂ ਬਿਹਤਰ ਹੋਈ, ਜਦੋਂ ਐੱਨ.ਜੀ.ਓ. ਨੇ ਮੇਰੇ ਪੁੱਤਰ ਲਈ ਚਾਹ-ਨਾਸ਼ਤਾ ਵੇਚਣ ਦਾ ਕਾਰੋਬਾਰ ਸਥਾਪਤ ਕਰਨ ਲਈ ਸਾਨੂੰ 40 ਹਜ਼ਾਰ ਰੁਪਏ ਦਾ ਕਰਜ਼ ਦਿੱਤਾ।'' ਲਸ਼ਕਮੀ ਮੈਤੀ ਦੇ 64 ਸਾਲਾ ਪੁੱਤਰ ਗੌਰ ਨੇ ਮਾਣ ਨਾਲ ਕਿਹਾ ਕਿ ਉਸ ਦੀ ਮਾਂ ਦੇਵੀ ਦੁਰਗਾ ਦਾ ਅਵਤਾਰ ਹੈ। ਉਸ ਨੇ ਮੇਰੀ ਧੀ ਦੇ ਵਿਆਹ ਦਾ ਖਰਚ ਵੀ ਚੁੱਕਿਆ, ਸਾਨੂੰ ਇਕ ਪੱਕਾ ਘਰ ਦਿਵਾਇਆ ਅਤੇ ਆਪਣਾ ਕਰਜ਼ ਵੀ ਚੁਕਾਇਆ। ਜ਼ਿਆਦਾਤਰ ਮਾਮਲਿਆਂ 'ਚ ਇਕ ਪੁੱਤਰ ਆਪਣੀ ਬੁੱਢੀ ਮਾਂ ਦੀ ਦੇਖਭਾਲ ਕਰਦਾ ਹੈ। ਹਾਲਾਂਕਿ, ਮੇਰੀ ਮਾਂ ਕਦੇ ਮੇਰੇ 'ਤੇ ਨਿਰਭਰ ਨਹੀਂ ਰਹੀ, ਉਹ ਫੌਲਾਦੀ ਇਰਾਦਿਆਂ ਵਾਲੀ ਇਕ ਔਰਤ ਹੈ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News