ਕਮਲਨਾਥ ਸਰਕਾਰ ਦਾ ਫੈਸਲਾ, 100 ਯੂਨਿਟ ਤਕ 1 ਰੁਪਏ ਦੀ ਦਰ ਨਾਲ ਮਿਲੇਗੀ ਬਿਜਲੀ

08/19/2019 3:45:30 PM

ਭੋਪਾਲ (ਭਾਸ਼ਾ)— ਮੱਧ ਪ੍ਰਦੇਸ਼ ਸਰਕਾਰ ਨੇ ਸਾਰੇ ਘਰੇਲੂ ਉਪਭੋਗਤਾਵਾਂ ਨੂੰ ਹਰ ਮਹੀਨੇ 100 ਯੂਨਿਟ ਬਿਜਲੀ 1 ਰੁਪਏ ਦੀ ਦਰ ਨਾਲ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਕਮਲਨਾਥ ਦੀ ਪ੍ਰਧਾਨਗੀ ਵਿਚ ਸੂਬਾ ਕੈਬਨਿਟ ਨੇ ਸੋਮਵਾਰ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਬੈਠਕ ਮਗਰੋਂ ਪ੍ਰਦੇਸ਼ ਦੇ ਊਰਜਾ ਮੰਤਰੀ ਪ੍ਰਿਅਵਰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ''ਇੰਦਰਾ ਗ੍ਰਹਿ ਜੋਤੀ ਬਿਜਲੀ ਯੋਜਨਾ ਹੁਣ ਤਕ ਸਿਰਫ ਰਜਿਸਟਰਡ ਗਰੀਬ ਮਜ਼ਦੂਰਾਂ ਲਈ ਸੀ ਪਰ ਹੁਣ ਅਸੀਂ 150 ਯੂਨਿਟ ਤੋਂ ਘੱਟ ਖਪਤ ਕਰਨ ਵਾਲੇ ਸਾਰੇ ਬਿਜਲੀ ਉਪਭੋਗਤਾਵਾਂ ਨੂੰ ਇਸ ਯੋਜਨਾ ਦੇ ਦਾਇਰੇ ਵਿਚ ਲਿਆਂਦਾ ਹੈ।'' ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ 150 ਯੂਨਿਟ ਤੋਂ ਵਧ ਬਿਜਲੀ ਖਪਤ ਕਰਨ ਵਾਲੇ ਘਰੇਲੂ ਉਪਭੋਗਤਾਵਾਂ ਨੂੰ ਮੌਜੂਦਾ ਬਿਜਲੀ ਦੀਆਂ ਦਰਾਂ ਅਨੁਸਾਰ ਹੀ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ। 
ਸਿੰਘ ਨੇ ਕਿਹਾ ਕਿ ਉਪਭੋਗਤਾਵਾਂ ਤੋਂ ਹਰ ਮਹੀਨੇ 100 ਯੂਨਿਟ ਲਈ 1 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਲਿਆ ਜਾਵੇਗਾ। ਸਿੰਘ ਨੇ ਇਹ ਵੀ ਕਿਹਾ ਕਿ ਇਸ ਯੋਜਨਾ ਦੇ ਲਾਭਪਾਤਰੀਆਂ ਨੂੰ ਆਮ ਉਪਭੋਗਤਾਵਾਂ ਦੀ ਤੁਲਨਾ ਵਿਚ ਵੱਖ-ਵੱਖ ਰੰਗ ਦਾ ਬਿੱਲ ਦਿੱਤਾ ਜਾਵੇਗਾ। ਬਿਜਲੀ ਬਿੱਲਾਂ ਵਿਚ ਗਲਤੀਆਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਦੀ ਜਾਂਚ ਲਈ ਅਸੀਂ ਜ਼ਿਲਾ ਪੱਧਰ 'ਤੇ ਕਮੇਟੀਆਂ ਦਾ ਗਠਨ ਕੀਤਾ ਹੈ। ਹੁਣ ਅਸੀਂ ਇਨ੍ਹਾਂ ਕਮੇਟੀਆਂ ਨੂੰ ਮਜ਼ਬੂਤ ਬਣਾਉਣ ਜਾ ਰਹੇ ਹਾਂ। ਉਨ੍ਹਾਂ ਨੇ ਇਹ ਵੀ ਦੱਸਿਆ ਕਿ 30 ਯੂਨਿਟ ਤਕ ਬਿਜਲੀ ਦੀ ਵਰਤੋਂ ਕਰਨ ਵਾਲੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਦੇ ਉਪਭੋਗਤਾਵਾਂ ਤੋਂ 25 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਬਿੱਲ ਲਿਆ ਜਾਵੇਗਾ ਅਤੇ ਉਨ੍ਹਾਂ ਨੂੰ 4 ਮਹੀਨੇ 'ਚ ਇਕ ਵਾਰ ਬਿੱਲ ਭੇਜਿਆ ਜਾਵੇਗਾ।

Tanu

This news is Content Editor Tanu