ਰਾਜਮਾਤਾ ਵਿਜੇਰਾਜੇ ਦੇ ਨਾਮ ਜਾਰੀ ਹੋਵੇਗਾ 100 ਰੁਪਏ ਦਾ ਸਿੱਕਾ

10/10/2020 11:52:50 PM

ਨਵੀਂ ਦਿੱਲੀ - ਗਵਾਲੀਅਰ ਦੇ ਸਿੰਧੀਆ ਸ਼ਾਹੀ ਪਰਿਵਾਰ ਦੀ ਮਹਾਰਾਣੀ ਅਤੇ ਜਨਸੰਘ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਨੇਤਾਵਾਂ 'ਚ ਰਹੀ ਰਾਜਮਾਤਾ ਵਿਜੇਰਾਜੇ ਦੇ ਨਾਮ ਭਾਰਤ ਸਰਕਾਰ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਕਰਨ ਜਾ ਰਹੀ ਹੈ। 12 ਅਕਤੂਬਰ ਨੂੰ ਰਾਜਮਾਤਾ ਦੀ ਸ਼ਤਾਬਦੀ ਸਾਲ ਦੀ ਸਮਾਪਤੀ ਹੋ ਰਹੀ ਹੈ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ 'ਚ ਸਿੱਕੇ ਦਾ ਉਦਘਾਟਨ ਕਰਨਗੇ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਗਵਾਲੀਅਰ 'ਚ ਹੋ ਰਹੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ।

ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ 'ਚ ਖੇਡ ਮੰਤਰੀ ਅਤੇ ਰਾਜਮਾਤਾ ਵਿਜੇਰਾਜੇ ਦੀ ਛੋਟੀ ਧੀ ਯਸ਼ੋਧਰਾ ਰਾਜੇ ਸਿੰਧੀਆ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ "ਵੱਡਾ ਹੈ ਤੁਹਾਡਾ ਦਿਲ, ਇਤਿਹਾਸਕ ਪਰਖ ਨਾਲ ਭਰੀ ਹੈ ਤੁਹਾਡੀ ਨਜ਼ਰ! ਮੇਰੀ ਮਾਂ ਸ਼੍ਰੀਮੰਤ #RajmataScindia ਦੀ ਯਾਦ 'ਚ 100 ਰੁਪਏ ਦੇ ਸਿੱਕੇ ਦਾ ਉਦਘਾਟਨ 12 Oct ਨੂੰ ਉਨ੍ਹਾਂ ਦੀ 100 ਵੀ ਜੈਯੰਤੀ 'ਤੇ ਕਰਨ ਜਾ ਰਹੇ ਹਨ, ਧੰਨਵਾਦੀ ਹਾਂ, PM ਸ਼੍ਰੀ ਨਰਿੰਦਰ ਮੋਦੀ, ਤੁਸੀਂ ਜਨ ਅਤੇ ਸੰਘ ਦੋਨਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ। ਦਿਲੋਂ ਧੰਨਵਾਦ!"

ਇਸ ਸਿੱਕੇ ਦਾ ਭਾਰ 35 ਗ੍ਰਾਮ ਹੋਵੇਗਾ। ਚਾਰ ਧਾਤਾਂ ਨਾਲ ਬਣੇ ਇਸ ਸਿੱਕੇ 'ਚ 50 ਫੀਸਦੀ ਚਾਂਦੀ ਹੋਵੇਗੀ ਜਦੋਂ ਕਿ 40 ਫ਼ੀਸਦੀ ਤਾਂਬਾ ਹੋਵੇਗਾ। 5 ਫ਼ੀਸਦੀ ਜ਼ਿੰਕ ਹੋਵੇਗਾ ਜਦੋਂ ਕਿ 5 ਫੀਸਦੀ ਨਿਕਲ ਹੋਵੇਗਾ। ਇਸ ਦੇ ਨਾਲ ਹੀ ਯਸ਼ੋਧਰਾ ਰਾਜੇ ਨੇ ਟਵੀਟ 'ਚ ਸਿੱਕੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ 'ਚ ਇੱਕ ਪਾਸੇ ਵਿਜੇਰਾਜੇ ਸਿੰਧੀਆ ਦੀ ਤਸਵੀਰ ਲੱਗੀ ਹੈ। ਇਸ ਦੇ ਨਾਲ ਹੀ ਹਿੰਦੀ 'ਚ ਵਿਜੇਰਾਜੇ ਦੀ ਜਨਮ ਸ਼ਤਾਬਦੀ  ਦੇ ਨਾਲ ਹੀ 1919 ਅਤੇ 2019 ਦਰਸ਼ਾਇਆ ਗਿਆ ਹੈ। ਦੂਜੇ ਪਾਸੇ ਹਿੰਦੀ 'ਚ ਭਾਰਤ ਅਤੇ ਅੰਗਰੇਜ਼ੀ 'ਚ ਇੰਡੀਆ ਦੇ ਨਾਲ ਅਸ਼ੋਕ ਥੰਮ੍ਹ ਬਣਿਆ ਹੋਇਆ ਹੈ।

Inder Prajapati

This news is Content Editor Inder Prajapati