ਕੋਰੋਨਾ ਕਹਿਰ : ਕੋਲਕਾਤਾ ਹਵਾਈ ਅੱਡੇ ’ਤੇ ਹਰ ਹਫਤੇ ਘੱਟ ਹੋ ਰਹੇ 4600 ਯਾਤਰੀ

03/02/2020 1:54:26 AM

ਕੋਲਕਾਤਾ — ਕੁਝ ਦਿਨ ਪਹਿਲਾਂ ਤੱਕ ਕੋਲਕਾਤਾ ਹਵਾਈ ਅੱਡੇ ’ਤੇ ਜਹਾਜ਼ਾਂ ਦੇ ਆਉਣ-ਜਾਣ ਨਾਲ ਕਾਫੀ ਗਹਿਮਾ-ਗਹਿਮੀ ਅਤੇ ਭੀੜ ਰਹਿੰਦੀ ਸੀ ਪਰ ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਇਸ ਹਵਾਈ ਅੱਡੇ ਦੀ ਰੌਣਕ ਹੀ ਖੋਹ ਲਈ ਹੈ। ਇਕੱਲੇ ਕੋਲਕਾਤਾ ਹਵਾਈ ਅੱਡੇ ’ਤੇ ਕੋਰੋਨਾ ਦਾ ਅਸਰ ਇਸ ਗੱਲ ਤੋਂ ਦੇਖਿਆ ਜਾ ਸਕਦਾ ਹੈ ਕਿ ਜਨਵਰੀ ਦੇ ਅੱਧ ਤੱਕ ਹਰ ਰੋਜ਼ ਇਥੋਂ 9,232 ਮੁਸਾਫਿਰ ਵੱਖ-ਵੱਖ ਦੇਸ਼ਾਂ ਲਈ ਉਡਾਣਾਂ ਲੈਂਦੇ ਸਨ ਜੋ ਗਿਣਤੀ ਅੱਜ ਘੱਟ ਹੋ ਕੇ 8,574 ਰਹਿ ਗਈ ਹੈ। ਇਸ ਦਾ ਅਰਥ ਇਹ ਹੋਇਆ 4,600 ਯਾਤਰੀ ਹਰ ਹਫਤੇ ਘਟ ਰਹੇ ਹਨ। ਯਾਤਰੀਆਂ ਦੀ ਘਾਟ ਦੇ ਕਾਰਨ ਹਵਾਈ ਅੱਡੇ ਦੇ ਫੂਡ ਸਟਾਲਾਂ ਦੀ ਕਮਾਈ ਵੀ 14ਫੀਸਦੀ ਤੱਕ ਘਟ ਗਈ ਹੈ।

ਅਜਿਹੇ ਹਾਲਾਤ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਕੋਰੋਨਾ ਦੇ ਪ੍ਰਭਾਵ ਕਾਰਣ ਹੁਣ ਫਰਵਰੀ ਵਿਚ ਜਹਾਜ਼ ਅਾਪਰੇਟਰਾਂ ਨੇ ਆਪਣੀਆਂ ਲਗਭਗ 10 ਫੀਸਦੀ ਉਡਾਣਾਂ ਰੱਦ ਕਰ ਦਿੱਤੀਆਂ ਹਨ। ਕੋਰੋਨਾ ਵਾਇਰਸ ਦੇ ਡਰ ਨਾਲ ਲੋਕਾਂ ਵਲੋਂ ਆਪਣੇ ਵਿਦੇਸ਼ੀ ਦੌਰੇ ਰੱਦ ਕਰਨ ਤੋਂ ਬਾਅਦ ਪਿਛਲੇ ਵੀਰਵਾਰ ਸਾਊਦੀ ਅਰਬ ਦੇ ਮੱਕਾ ਆਉਣ ਵਾਲੇ ਹਾਜ਼ੀਆਂ ’ਤੇ ਪਾਬੰਦੀ ਨੇ ਕੋਲਕਾਤਾ ਤੋਂ ਅੰਤਰਰਾਸ਼ਟਰੀ ਉਡਾਣਾਂ ’ਤੇ ਕਾਫੀ ਪ੍ਰਭਾਵ ਪਾਇਆ ਹੈ। ਇਸ ਦੇ ਇਲਾਵਾ ਵੱਖ-ਵੱਖ ਦੇਸ਼ਾਂ ਵੱਲੋਂ ਆਪਣੇ ਨਾਗਰਿਕਾਂ ਨੂੰ ਵਿਦੇਸ਼ੀ ਦੌਰੇ ਰੱਦ ਕਰਨ ਦੀ ਸਲਾਹ ਦੇਣ ਨਾਲ ਵੀ ਹਾਲਾਤ ਗੰਭੀਰ ਹੋ ਗਏ ਹਨ। ਜਿਸ ਨਾਲ ਜਹਾਜ਼ ਅਾਪਰੇਟਰਾਂ ਨੇ ਆਪਣੀਆਂ ਉਡਾਣਾਂ ਉਸੇ ਹਿਸਾਬ ਨਾਲ ਘੱਟ ਕਰ ਦਿੱਤੀਆਂ ਹਨ।

ਸਭ ਤੋਂ ਪਹਿਲਾਂ ਚੀਨ ਨੂੰ ਜਾਣ ਵਾਲੀਆਂ ਉਡਾਣਾਂ ਰੱਦ ਹੋਈਆਂ ਕਿਉਂਕਿ ਭਾਰਤ ਨੇ ਚੀਨ ਦੇ ਨਾਗਰਿਕਾਂ ਨੂੰ ਵੀਜ਼ਾ ਦੇਣਾ ਬੰਦ ਕਰ ਦਿੱਤਾ ਹੈ। ਹਾਂਗਕਾਂਗ ਅਤੇ ਵੀਅਤਨਾਮ ਨੂੰ ਜਾਣ ਵਾਲੀਆਂ ਉਡਾਣਾਂ ਵੀ ਕਾਫੀ ਘੱਟ ਹੋ ਗਈਆਂ। ਬੈਂਕਾਕ ਜੋ ਭਾਰਤੀਆਂ ਖਾਸ ਕਰ ਕੇ ਕੋਲਕਾਤਾ ਵਾਸੀਆਂ ਦਾ ਪਸੰਦੀਦਾ ਟੂਰਿਸਟ ਸਥਾਨ ਹੈ, ਨੂੰ ਜਾਣ ਵਾਲੀਆਂ ਉਡਾਣਾਂ ’ਤੇ ਵੀ ਕੋਰੋਨਾ ਦਾ ਡਰ ਹਾਵੀ ਹੋ ਗਿਆ। ਖਾੜੀ ਦੇਸ਼ਾਂ ਨੂੰ ਜਾਣ ਵਾਲੀਆਂ ਉਡਾਣਾਂ ਰੱਦ ਹੋਣ ਨਾਲ ਯੂਰਪ ਅਤੇ ਅਮਰੀਕਾ ਨੂੰ ਜਾਣ ਵਾਲੀਆਂ ਉਡਾਣਾਂ ’ਤੇ ਵੀ ਬਹੁਤ ਅਸਰ ਪਿਆ ਹੈ ਕਿਉਂਕਿ ਭਾਰਤੀ ਉਥੋਂ ਦੀ ਉਨ੍ਹਾਂ ਦੇਸ਼ਾਂ ਲਈ ਨਿਕਲਦੇ ਹਨ।

Inder Prajapati

This news is Content Editor Inder Prajapati