ਜੰਮੂ ਕਸ਼ਮੀਰ ਪੁਲਸ ਹੱਥ ਲੱਗੀ ਸਫ਼ਲਤਾ, ਜੈਸ਼-ਏ-ਮੁਹੰਮਦ ਲਈ ਕੰਮ ਕਰਨ ਵਾਲੇ 10 ਲੋਕ ਗ੍ਰਿਫ਼ਤਾਰ

02/16/2022 12:40:48 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਦੀ ਪ੍ਰਦੇਸ਼ ਖ਼ੁਫੀਆ ਏਜੰਸੀ (ਐੱਸ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਲਈ ਕੰਮ ਕਰਨ ਦੇ ਦੋਸ਼ 'ਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐੱਸ.ਆਈ.ਏ. ਜੰਮੂ ਕਸ਼ਮੀਰ ਪੁਲਸ ਦੀ ਨਵ ਗਠਿਤ ਬਰਾਂਚ ਹੈ। ਉਨ੍ਹਾਂ ਦੱਸਿਆ ਕਿ ਐੱਸ.ਆਈ.ਏ. ਦੇ ਅਧਿਕਾਰੀਆਂ ਨੇ ਕਸ਼ਮੀਰ ਦੇ ਦੱਖਣ ਅਤੇ ਮੱਧ ਜ਼ਿਲ੍ਹਿਆਂ 'ਚ ਵੱਖ-ਵੱਖ ਸਥਾਨਾਂ 'ਤੇ ਰਾਤ ਭਰ ਛਾਪੇ ਮਾਰੇ ਅਤੇ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸ.ਆਈ.ਏ. ਦਾ ਹਾਲ 'ਚ ਗਠਨ ਕੀਤਾ ਗਿਆ ਅਤੇ ਏਜੰਸੀ ਨੂੰ ਅੱਤਵਾਦ ਅਤੇ ਵੱਖਵਾਦ ਨਾਲ ਜੁੜੇ ਅਪਰਾਧਾਂ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐੱਸ.ਈ.ਏ. ਦੀ ਜਾਂਚ ਦੌਰਾਨ ਪਾਬੰਦੀਸ਼ੁਦਾ ਅੱਤਵਾਦੀ ਸਮੂਹ ਦੀ 'ਸਲੀਪਰ ਸੈਲਸ' ਜਾਂ ਸਮੂਹ ਲਈ ਕੰਮ ਕਰ ਰਹੇ 10 ਲੋਕਾਂ ਦੀ ਪਛਾਣ ਕੀਤੀ ਗਈ। ਉਨ੍ਹਾਂ 'ਚੋਂ ਕੋਈ ਵੀ ਇਕ-ਦੂਜੇ ਦੀਆਂ ਗਤੀਵਿਧੀਆਂ ਤੋਂ ਜਾਣੂੰ ਨਹੀਂ ਸੀ ਅਤੇ ਉਹ ਸਿੱਧੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕਮਾਂਡਰਾਂ ਤੋਂ ਨਿਰਦੇਸ਼ ਲੈ ਰਹੇ ਸਨ।

ਇਹ ਵੀ ਪੜ੍ਹੋ : ਸੈਲਫ਼ੀ ਬਣੀ 'ਕਾਲ', ਗੁਰੂਗ੍ਰਾਮ 'ਚ 18 ਤੋਂ 20 ਸਾਲ ਦੇ 4 ਨੌਜਵਾਨਾਂ ਦੀ ਦਰਦਨਾਕ ਮੌਤ

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਮਾਡਿਊਲ ਦੇ ਲੋਕ ਇਸ ਤਰ੍ਹਾਂ ਕੰਮ ਕਰ ਰਹੇ ਸਨ ਕਿ ਜੇਕਰ ਇਕ ਮੈਂਬਰ ਫੜਿਆ ਵੀ ਜਾਵੇ ਤਾਂ ਵੱਡੇ ਨੈੱਟਵਰਕ ਦਾ ਪਰਦਾਫਾਸ਼ ਨਾ ਹੋਵੇ। ਇਸ ਮਾਡਿਊਲ ਦਾ ਲਗਾਤਾਰ ਨਿਗਰਾਨੀ ਰਾਹੀਂ ਪਤਾ ਲਗਾਇਆ ਗਿਆ। ਜਿਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਨੌਜਵਾਨਾਂ ਦੀ ਭਰਤੀ ਕਰਨ, ਪੈਸਿਆਂ ਦਾ ਇੰਤਜ਼ਾਮ ਕਰਨ ਅਤੇ ਦੱਖਣ ਅਤੇ ਮੱਧ ਕਸ਼ਮੀਰ 'ਚ ਹਥਿਆਰਾਂ ਨੂੰ ਪਹੁੰਚਾਉਣ 'ਚ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਸੈੱਲ ਫੋਨ, ਸਿਮ ਕਾਰਡ, ਬੈਂਕਾਂ 'ਚ ਲੈਣ-ਦੇਣ ਸੰਬੰਧੀ ਰਿਕਾਰਡ ਅਤੇ ਡਮੀ ਪਿਸਤੌਲ ਵੀ ਜ਼ਬਤ ਕੀਤੀ ਗਈ। ਗ੍ਰਿਫ਼ਤਾਰ ਲੋਕਾਂ 'ਚ ਉਹ ਸ਼ਖ਼ਸ ਵੀ ਸ਼ਾਮਲ ਹੈ, ਜਿਸ ਦੇ ਘਰ 4 ਅਪ੍ਰੈਲ 2020 ਨੂੰ ਚਾਰ ਅੱਤਵਾਦੀ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਦਾ ਮਕਸਦ ਦੱਖਣ ਅਤੇ ਮੱਧ ਕਸ਼ਮੀਰ 'ਚ ਅੱਤਵਾਦੀ ਗਤੀਵਿਧੀਆਂ ਦਾ ਵਿੱਤ ਪੋਸ਼ਣ ਕਰਨਾ ਅਤੇ ਸਕੂਲ ਤੇ ਕਾਲਜ ਜਾਣ ਵਾਲੇ ਵਿਦਿਆਰਥੀਆਂ ਦੀ ਭਰਤੀ ਕਰਨਾ ਸੀ। ਉਨ੍ਹਾਂ ਤੋਂ ਡਿਜੀਟਲ ਰਿਕਾਰਡ ਜ਼ਬਤ ਕੀਤੇ ਗਏ ਹਨ ਅਤੇ ਸਬੂਤਾਂ ਦੇ ਵਿਸ਼ਲੇਸ਼ਣ ਲਈ ਉਨ੍ਹਾਂ ਨੂੰ ਫੋਰੈਂਸਿਕ ਪ੍ਰਯੋਗਸ਼ਾਲਾ ਭੇਜਿਆ ਜਾ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha