ਯੂ.ਪੀ. ''ਚ ਵਾਪਰਿਆ ਇਕ ਹੋਰ ਰੇਲ ਹਾਦਸਾ, ਕੈਫੀਅਤ ਐਕਸਪ੍ਰੈਸ ਦੇ 10 ਕੋਚ ਪਟੜੀ ਤੋਂ ਉਤਰੇ, 50 ਤੋਂ ਵਧ ਜ਼ਖਮੀ

08/23/2017 6:57:47 AM

ਔਰਿਆ/ਲਖਨਊ— ਕਾਨਪੁਰ ਅਤੇ ਇਟਾਵਾ ਵਿਚਾਲੇ ਔਰਿਆ ਜਿਲੇ 'ਚ ਅਛਲਦਾ ਸਟੇਸ਼ਨ ਨੇੜੇ ਇਕ ਹੋਰ ਵੱਡਾ ਰੇਲ ਹਾਦਸਾ ਵਾਪਰਿਆ ਹੈ। ਆਜਮਗੜ੍ਹ ਤੋਂ ਦਿੱਲੀ ਆ ਰਹੀ 12225 ਕੈਫੀਅਤ ਐਕਸਪ੍ਰੈਸ ਡੰਪਰ ਨਾਲ ਟਕਰਾਉਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ਰੇਲਵੇ ਦੇ ਸੀਨੀਅਰ ਅਧਿਕਾਰੀਆਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਰੇਲਵੇ ਦੇ ਪੀ.ਆਰ.ਓ. ਅਨਿਲ ਸਕਸੇਨਾ ਨੇ ਦੱਸਿਆ ਕਿ ਹਾਦਸੇ ਕਾਰਨ ਟਰੇਨ ਦੇ ਇੰਜਣ ਸਣੇ 10 ਕੋਚ ਪਟੜੀ ਤੋਂ ਉਤਰ ਗਏ। ਇਸ ਹਾਦਸੇ 'ਚ 50 ਤੋਂ ਵਧ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਅਧਿਕਾਰੀ ਮੌਕੇ 'ਤੇ ਪੁੱਜੇ। ਇਹ ਹਾਦਸਾ ਬੁੱਧਵਾਰ ਤੜਕੇ ਸਵੇਰੇ ਕਰੀਬ 2.50 ਵਜੇ ਵਾਪਰਿਆ। ਰੇਲਵੇ ਕੰਟਰੋਲ ਰੂਮ ਨੇ ਹਾਦਸੇ ਦੀ ਪੁਸ਼ਟੀ ਕਰਨ ਦੇ ਨਾਲ ਹੀ ਰਾਹਤ ਅਤੇ ਬਚਾਅ ਕੰਮ ਸ਼ੁਰੂ ਕਰਨ ਦਾ ਦਾਅਵਾ ਕੀਤਾ। ਜਖ਼ਮੀਆਂ ਨੂੰ ਨੇੜਲੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਟ੍ਰੈਕ ਨੇੜੇ ਫਰੇਟ ਕਾਰਿਡੋਰ ਦਾ ਕੰਮ ਚੱਲ ਰਿਹਾ ਸੀ। ਇਸ ਦੇ ਕੰਮ 'ਚ ਲੱਗਾ ਡੰਪਰ ਮਨੁੱਖ ਰਹਿਤ ਕਰਾਸਿੰਗ 'ਤੇ ਟਰੇਨ ਨਾਲ ਟਕਰਾਇਆ। ਰੇਲ ਹਾਦਸੇ ਦੀ ਸੂਚਨਾ 'ਤੇ ਸੈਫਈ ਮੈਡੀਕਲ ਯੂਨੀਵਰਸਿਟੀ 'ਚ ਕੁਲਪਤੀ ਡਾਕਟਰ ਬ੍ਰਿਗੇਡੀਅਰ ਟੀ. ਪ੍ਰਭਾਕਰ ਨੇ ਸਾਰੇ ਡਾਕਟਰਾਂ ਨੂੰ ਅਲਰਟ ਕਰ ਦਿੱਤਾ ਹੈ।