ਪੁਲਸ ਨੂੰ ਝਟਕਾ: ਪੰਚਕੂਲਾ ’ਚ ਹੋਈ ਹਿੰਸਾ ਦੇ 10 ਮੁਲਜ਼ਮ ਬਰੀ

01/17/2020 12:23:33 PM

ਪੰਚਕੂਲਾ (ਮੁਕੇਸ਼)-ਪੰਚਕੂਲਾ ’ਚ ਹੋਈ ਹਿੰਸਾ ਮਾਮਲੇ ’ਚ ਪੰਚਕੂਲਾ ਪੁਲਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਕੋਰਟ ਨੇ ਪੁਲਸ ਵਲੋਂ ਭੰਨ-ਤੋੜ ਅਤੇ ਹੱਤਿਆ ਦੇ ਯਤਨ ਦੇ ਮਾਮਲੇ ’ਚ 28 ਅਗਸਤ, 2017 ਨੂੰ ਦਰਜ ਕੀਤੀ ਗਈ ਐੱਫ.ਆਈ.ਆਰ. ਨੰਬਰ 363 ’ਚ ਬਣਾਏ ਗਏ 10 ਮੁਲਜ਼ਮਾਂ ਭਗਵੰਤ ਸਿੰਘ ਨਿਵਾਸੀ ਪਟਿਆਲਾ, ਦੇਵੀ ਦਿਆਲ ਨਿਵਾਸੀ ਪਟਿਆਲਾ, ਜਗਜੀਤ ਸਿੰਘ ਨਿਵਾਸੀ ਸੰਗਰੂਰ, ਨਾਜਰ ਸਿੰਘ ਨਿਵਾਸੀ ਪਟਿਆਲਾ, ਕਸਤੂਰੀ ਲਾਲ ਨਿਵਾਸੀ ਸ਼੍ਰੀਗੰਗਾਨਗਰ, ਜਗਤਾਰ ਸਿੰਘ ਨਿਵਾਸੀ ਸੰਗਰੂਰ, ਅੰਮ੍ਰਿਤ ਪਾਲ ਨਿਵਾਸੀ ਪਟਿਆਲਾ, ਦਲਬੀਰ ਸਿੰਘ ਨਿਵਾਸੀ ਪਟਿਆਲਾ, ਗੁਰਿੰਦਰ ਸਿੰਘ ਨਿਵਾਸੀ ਪਟਿਆਲਾ, ਮਧੁਰ ਹੰਸ ਨਿਵਾਸੀ ਰੋਹਤਕ (ਹਰਿਆਣਾ) ਨੂੰ ਬਰੀ ਕਰ ਦਿੱਤਾ। ਕੋਰਟ ਦੇ ਹੁਕਮਾਂ ’ਚ ਕਿਹਾ ਕਿ ਜਿਨ੍ਹਾਂ ਨੂੰ ਪੁਲਸ ਨੇ ਮੁਲਜ਼ਮ ਬਣਾਇਆ, ਉਨ੍ਹਾਂ ਨੂੰ ਫਾਇਰ ਕਰਮੀਆਂ ਨੇ ਕੋਰਟ ’ਚ ਟਰਾਇਲ ਦੌਰਾਨ ਪਛਾਣਿਆ ਤੱਕ ਨਹੀਂ। ਇਹੀ ਨਹੀਂ ਪੁਲਸ ਨੇ ਵੀ ਜਾਂਚ ਦੇ ਦੌਰਾਨ ਮੁਲਜ਼ਮਾਂ ਦੀ ਫਾਇਰ ਕਰਮੀਆਂ ਸਾਹਮਣੇ ਪਛਾਣ ਪਰੇਡ ਨਹੀਂ ਕਰਵਾਈ।

ਫਾਇਰ ਅਫਸਰ ਦੀ ਸ਼ਿਕਾਇਤ ’ਤੇ ਪੁਲਸ ਨੇ ਦਰਜ ਕੀਤੀ ਸੀ ਐੱਫ.ਆਈ.ਆਰ-
ਫਾਇਰ ਅਫ਼ਸਰ ਸ਼ਮਸ਼ੇਰ ਸਿੰਘ ਮਲਿਕ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕਿਹਾ ਸੀ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ ਨੂੰ ਕੋਰਟ ਵਲੋਂ ਸਜ਼ਾ ਸੁਣਾਈ ਜਾਣੀ ਸੀ, ਜਿਸ ਨੂੰ ਲੈ ਕੇ ਕਾਫ਼ੀ ਗਿਣਤੀ ’ਚ ਡੇਰਾ ਸਮਰਥਕ ਇਕੱਠਾ ਹੋ ਗਏ ਸਨ। ਸੈਕਟਰ-5 ਸਥਿਤ ਹੈਫੇਡ ਚੌਕ ’ਤੇ ਡੇਰਾ ਸਮਰਥਕਾਂ ਦੇ ਇਕੱਠੇ ਹੋਣ ਦੇ ਚਲਦੇ ਫਾਇਰ ਡਿਪਾਰਟਮੈਂਟ ਦੇ ਫਰੀਦਾਬਾਦ ਤੋਂ ਆਏ ਫਾਇਰ ਟੈਂਡਰ ਅਤੇ ਪੰਚਕੂਲਾ ਦੇ ਫਾਇਰ ਟੈਂਡਰਾਂ ਨੂੰ ਉਥੇ ਲਾਇਆ ਗਿਆ ਸੀ। ਇਕ ਫਾਇਰ ਟੈਂਡਰ ਦਾ ਚਾਲਕ ਅੱਛੇ ਲਾਲ ਸੀ ਅਤੇ ਉਸ ਨਾਲ ਫਾਇਰਮੈਨ ਸੁਨੀਲ ਕੁਮਾਰ ਅਤੇ ਸੁਰਿੰਦਰ ਕੁਮਾਰ ਤਾਇਨਾਤ ਸਨ। ਕੁੱਝ ਸਮਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਿਸ ਫਾਇਰ ਟੈਂਡਰ ’ਤੇ ਉਕਤ ਕਰਮੀ ਤਾਇਨਾਤ ਸਨ, ਉਸ ’ਚ ਡੇਰਾ ਸਮਰਥਕਾਂ ਨੇ ਅੱਗ ਲਾ ਦਿੱਤੀ ਹੈ। ਇਸ ’ਚ ਫਾਇਰਮੈਨ ਸੁਰਿੰਦਰ ਕੁਮਾਰ ਨੂੰ ਸੱਟਾਂ ਲੱਗੀਆਂ। ਫਾਇਰ ਕਰਮੀਆਂ ਨੇ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਪਰ ਫਾਇਰ ਟੈਂਡਰ ਪੂਰੀ ਤਰ੍ਹਾਂ ਸੜ ਗਿਆ। ਇਸ ਕਾਰਣ ਉਸ ’ਚ ਰੱਖੇ ਗਮਬੂਟ, ਹੈਲਮੇਟ ਅਤੇ ਕੁੱਝ ਹੋਰ ਜ਼ਰੂਰੀ ਸਾਮਾਨ ਸੜ ਗਿਆ।

17 ਗਵਾਹਾਂ ’ਚ 11 ਪੁਲਸ ਕਰਮੀ ਅਤੇ 4 ਫਾਇਰ ਵਿਭਾਗ ਤੋਂ:
ਐੱਫ.ਆਈ.ਆਰ. ਦੀ ਜਾਂਚ ਦੇ ਆਧਾਰ ’ਤੇ ਅਤੇ ਕੇਸ ਨੂੰ ਮਜ਼ਬੂਤ ਬਣਾਉਣ ਲਈ ਪੁਲਸ ਵਲੋਂ ਕੇਸ ’ਚ ਕੁਲ 17 ਗਵਾਹ ਬਣਾਏ ਗਏ ਸਨ, ਜਿਸ ’ਚੋਂ 11 ਪੁਲਸ ਮੁਲਾਜ਼ਮ, ਚਾਰ ਫਾਇਰ ਵਿਭਾਗ ਦੇ ਕਰਮੀ, ਇਕ ਡੀ. ਸੀ. ਆਫਿਸ ਦਾ ਕਲਰਕ ਅਤੇ ਇਕ ਸੀਨੀਅਰ ਸਾਇੰਟਿਸਟ ਸ਼ਾਮਲ ਸੀ।


Iqbalkaur

Content Editor

Related News