MBBS ਵਿਦਿਆਰਥੀ ਨੂੰ ਰੇਪ ਮਾਮਲੇ ''ਚ ਫਸਾਉਣ ਦੀ ਧਮਕੀ ਦੇ ਮੰਗੇ ਇਕ ਕਰੋੜ, ਔਰਤ ਸਮੇਤ 3 ਗ੍ਰਿਫ਼ਤਾਰ

08/19/2022 5:56:33 PM

ਜੀਂਦ (ਭਾਸ਼ਾ)- ਹਰਿਆਣਾ ਦੇ ਜੀਂਦ 'ਚ ਐੱਮ.ਬੀ.ਬੀ.ਐਸ. ਦੇ ਵਿਦਿਆਰਥੀ ਨੂੰ ਜਬਰ ਜ਼ਿਨਾਹ ਦੇ ਝੂਠੇ ਮਾਮਲੇ 'ਚ ਫਸਾਉਣ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕਰ ਕੇ 10 ਲੱਖ ਰੁਪਏ ਠੱਗਣ ਦੇ ਦੋਸ਼ 'ਚ ਪੁਲਸ ਨੇ ਇਕ ਔਰਤ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦੀ। ਉਨ੍ਹਾਂ ਦੱਸਿਆ ਕਿ ਜੀਂਦ ਥਾਣਾ ਪੁਲਸ ਨੇ ਗ੍ਰਿਫ਼ਤਾਰ ਦੋਸ਼ੀਆਂ ਸਮੇਤ 9 ਲੋਕਾਂ ਖ਼ਿਲਾਫ਼ ਬਲੈਕਮੇਲ ਕਰਨ ਅਤੇ ਜ਼ਬਰਨ ਵਸੂਲੀ ਸਮੇਤ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਅਨੁਸਾਰ, ਕਾਨੂੰਨਗੋ ਮੁਹੱਲਾ ਵਾਸੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦਾ ਪੁੱਤਰ ਉਦੇਪੁਰ (ਰਾਜਸਥਾਨ) 'ਚ ਐੱਮ.ਬੀ.ਬੀ.ਐਸ. ਦੀ ਪੜਾਈ ਕਰ ਰਿਹਾ ਹੈ। ਸ਼ਿਕਾਇਤਕਰਤਾ ਅਨੁਸਾਰ, ਉਸ ਦੇ ਬੇਟੇ ਦੀ ਇਕ ਸਹਿਪਾਠੀ, ਸਹਿਪਾਠੀ ਦੀ ਮਾਂ ਅਨੁਪ੍ਰੀਆ, ਪ੍ਰੇਮੀ ਗਗਨ ਨਾਗਰਾ, ਚਚੇਰਾ ਭਰਾ ਪ੍ਰਥਮ ਅਤੇ ਸਹੇਲੀ ਲਗਾਤਾਰ ਫ਼ੋਨ ਕਰ ਕੇ ਉਸ ਨੂੰ ਜਬਰ ਜ਼ਿਨਾਹ ਦੇ ਮਾਮਲੇ 'ਚ ਫਸਾਉਣ ਦੀ ਧਮਕੀ ਦੇ ਰਹੇ ਹਨ ਅਤੇ ਮਾਮਲੇ ਨੂੰ ਰਫਾ-ਦਫਾ ਕਰਨ ਦੇ ਏਵਜ 'ਚ ਇਕ ਕਰੋੜ ਰੁਪਏ ਮੰਗ ਰਹੇ ਹਨ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਲਾਰੈਂਸ ਬਿਸ਼ਨੋਈ ਦੇ ਕਰੀਬੀ ਹੋਣ ਦਾ ਦਾਅਵਾ ਕਰ ਰਹੇ ਹਨ। ਉਸ ਅਨੁਸਾਰ ਧਮਕੀਆਂ ਤੋਂ ਤੰਗ ਆ ਕੇ 10 ਅਗਸਤ ਨੂੰ ਉਹ ਹਿਸਾਰ ਦੇ ਇਕ ਰੈਸਟੋਰੈਂਟ ਵਿਚ ਅਨੁਪ੍ਰਿਆ ਅਤੇ ਪ੍ਰਥਮ ਨੂੰ ਮਿਲਿਆ, ਜਿਨ੍ਹਾਂ ਨੇ ਪੁੱਤਰ ਦਾ ਕਰੀਅਰ ਬਰਬਾਦ ਕਰਨ ਦਾ ਡਰ ਦਿਖਾ ਕੇ ਇਕ ਹਫ਼ਤੇ 'ਚ ਰਕਮ ਦੇਣ ਲਈ ਕਿਹਾ। ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮਾਂ ਨੇ 50 ਲੱਖ ਰੁਪਏ ਵਿਚ ਮਾਮਲਾ ਸੁਲਝਾਉਣ ਦੀ ਗੱਲ ਕੀਤੀ ਅਤੇ 20 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੀ ਮੰਗੀ। ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਛਾਪਾਮਾਰ ਟੀਮ ਦਾ ਗਠਨ ਕੀਤਾ ਗਿਆ। ਪੁਲਸ ਅਧਿਕਾਰੀ ਅਨੁਸਾਰ ਛਾਪਾਮਾਰ ਟੀਮ ਨੇ ਮੁਲਜ਼ਮ ਨੂੰ ਸ਼ਿਕਾਇਤਕਰਤਾ ਤੋਂ 10 ਲੱਖ ਰੁਪਏ ਲੈਂਦਿਆਂ ਗੁਲਕਨੀ ਪਿੰਡ ਨੇੜੇ ਸਥਿਤ ਫ਼ੌਜੀ ਢਾਬੇ ’ਤੇ ਕਾਬੂ ਕਰ ਲਿਆ। ਜਾਂਚ ਅਧਿਕਾਰੀ ਸਤੀਸ਼ ਨੇ ਕਿਹਾ,“ਐੱਮ.ਬੀ.ਬੀ.ਐੱਸ. ਵਿਦਿਆਰਥੀ ਨੂੰ ਜਬਰ ਜ਼ਿਨਾਹ ਦੇ ਝੂਠੇ ਮਾਮਲੇ 'ਚ ਫਸਾਉਣ ਦੀ ਧਮਕੀ ਦੇ ਕੇ ਸਹਿਪਾਠੀ ਅਤੇ ਉਸ ਦੇ ਜਾਣਕਾਰਾਂ ਵਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ। ਵੀਰਵਾਰ ਰਾਤ ਨੂੰ 10 ਲੱਖ ਦੀ ਰਕਮ ਨਾਲ ਇਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਤਿੰਨਾਂ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਰਹੀ ਹੈ।


DIsha

Content Editor

Related News