ਅਫਵਾਹ ਫੈਲਾਉਣ ਦੌਰਾਨ ਪੁਲਸ ਕੋਲ ਮਦਦ ਲਈ ਆਏ 1880 ਫੋਨ ਕਾਲ, 40 ਗ੍ਰਿਫਤਾਰ

03/02/2020 11:19:25 PM

ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ 'ਚ ਹਿੰਸਾ, ਅੱਗ ਲੱਗਣ ਅਤੇ ਪੱਥਰਾਅ ਦੀਆਂ ਅਫਵਾਹਾਂ ਦੌਰਾਨ ਐਤਵਾਰ ਨੂੰ 1880 ਤਣਾਅ ਪੀੜਤ ਲੋਕਾਂ ਨੇ ਮਦਦ ਮੰਗਣ ਲਈ ਦਿੱਲੀ ਪੁਲਸ ਨੂੰ ਫੋਨ ਕੀਤੇ ਅਤੇ ਉਥੇ ਹੀ ਅਫਵਾਹ ਫੈਲਾਉਣ ਦੇ ਸਿਲਸਿਲੇ 'ਚ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਪੁਲਸ ਕੰਟਰੋਲ ਰੂਮ (ਪੀ.ਸੀ.ਆਰ) ਨੂੰ ਪੱਛਮੀ ਦਿੱਲੀ ਤੋਂ 481 ਦੱਖਣੀ ਪੂਰਬੀ ਦਿੱਲੀ ਤੋਂ 413, ਦਵਾਰਕਾ ਤੋਂ 310 ਅਤੇ ਦੱਖਣੀ ਤੋਂ 127 ਫੋਨ ਆਏ। ਉਥੇ ਹੀ ਉੱਤਰੀ ਪੂਰਬੀ ਦਿੱਲੀ ਤੋਂ ਸਿਰਫ 2 ਫੋਨ ਹੀ ਆਏ। ਬਾਹਰੀ ਦਿੱਲੀ ਤੋਂ 222, ਰੋਹਿਣੀ ਤੋਂ 168, ਉੱਤਰੀ ਦਿੱਲੀ ਦੇ ਬਾਹਰੀ ਇਲਾਕਿਆਂ ਤੋਂ 22, ਉੱਤਰ ਪੱਛਮ ਦਿੱਲੀ ਤੋਂ 54, ਮੱਧ ਦਿੱਲੀ ਤੋਂ 35, ਉੱਤਰ ਦਿੱਲੀ ਅਤੇ ਪੂਰਬੀ ਦਿੱਲੀ ਤੋਂ 6-6 ਫੋਨ ਆਏ। ਉਥੇ ਹੀ ਦੱਖਣੀ ਪੱਛਮੀ ਦਿੱਲੀ ਤੋਂ 30 ਫੋਨ ਆਏ।

ਦਿੱਲੀ ਪੁਲਸ ਦੇ ਜਨਸੰਪਰਕ ਅਧਿਕਾਰੀ ਐੱਮ.ਐੱਸ. ਰੰਧਾਵਾ ਨੇ ਕਿਹਾ ਕਿ ਐਤਵਾਰ ਨੂੰ ਸ਼ਾਮ 7 ਵਜੇ ਤੋਂ ਰਾਤ 9 ਵਜੇ ਦੌਰਾਨ ਇਹ ਸਾਰੇ ਫੋਨ ਕਾਲ ਆਏ। ਇਸ ਤੋਂ ਪਹਿਲਾਂ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ 3,000 ਤੋਂ ਜ਼ਿਆਦਾ ਫੋਨ ਆਉਣ ਦੀ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਇਕ ਹੋਰ ਅਧਿਕਰੀ ਨੇ ਦੱਸਿਆ ਕਿ ਦਿੱਲੀ 'ਚ ਹਿੰਸਾ ਦੇ ਸਬੰਧ 'ਚ ਅਫਵਾਹ ਫੈਲਾਉਣ ਦੇ ਦੋਸ਼ 'ਚ 40 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਿੰਸਾ ਬਾਰੇ ਅਫਵਾਹ ਫੈਲਾਉਣ ਤੋਂ ਬਾਅਦ ਐਤਵਾਰ ਸ਼ਾਮ ਦਿੱਲੀ ਦੇ ਕੁਝ ਹਿੱਸਿਆਂ 'ਚ ਲੋਕਾਂ ਵਿਚਾਲੇ ਦਹਿਸ਼ਤ ਪੈਦਾ ਹੋ ਗਈ ਸੀ। ਉੱਤਰ-ਪੂਰਬੀ ਦਿੱਲੀ 'ਚ ਹੋਏ ਦੰਗੇ 'ਚ ਕਰੀਬ 42 ਲੋਕਾਂ ਦੀ ਮੌਤ ਹੋਣ ਦੇ ਕੁਝ ਦਿਨ ਬਾਅਦ ਇਹ ਅਫਵਾਹ ਫੈਲੀ।

ਐਤਵਾਰ ਨੂੰ ਅਫਵਾਹ ਫੈਲਣ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਖੁਦ ਮੌਕੇ 'ਤੇ ਪਹੁੰਚ ਕੇ ਸਥਿਤੀ ਕੰਟਰੋਲ ਕਰਨੀ ਪਈ ਅਤੇ ਸੋਸ਼ਲ ਮੀਡੀਆ 'ਤੇ ਵੀ ਲੋਕਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਗਈ। ਦਿੱਲੀ ਮੈਟਰੋ ਨਗਰ ਨਿਗਮ ਨੇ ਵੀ ਬਿਨਾਂ ਕੋਈ ਕਾਰਨ ਦੱਸੇ 7 ਮੈਟਰੋ ਸਟੇਸ਼ਨਾਂ 'ਤੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਸੀ। ਹਾਲਾਂਕਿ ਬਾਅਦ 'ਚ ਸਾਰੇ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਖੋਲ੍ਹ ਦਿੱਤੇ ਗਏ।

Inder Prajapati

This news is Content Editor Inder Prajapati