ਉੱਤਰ ਪ੍ਰਦੇਸ਼ ’ਚ ਟੈਕਸ ਮੁਕਤ ਹੋਈ ‘ਦਿ ਕਸ਼ਮੀਰ ਫਾਈਲਸ’ ਫਿਲਮ

03/15/2022 3:32:14 PM

ਲਖਨਊ (ਭਾਸ਼ਾ)– ਉੱਤਰ ਪ੍ਰਦੇਸ਼ ਸਰਕਾਰ ਨੇ ਬਾਲੀਵੁੱਡ ਫਿਲਮ ‘ਦਿ ਕਸ਼ਮੀਰ ਫਾਈਲਸ’ ਨੂੰ ਸੂਬੇ ’ਚ ਮਨੋਰੰਜਨ ਟੈਕਸ ਤੋਂ ਮੁਕਤ ਕਰ ਦਿੱਤਾ ਹੈ। ਪ੍ਰਦੇਸ਼ ਦੇ ਕਾਰਜਵਾਹਕ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਦੱਸਿਆ ਕਿ ‘ਦਿ ਕਸ਼ਮੀਰ ਫਾਈਲਸ’ ਫਿਲਮ ਨੂੰ ਉੱਤਰ ਪ੍ਰਦੇਸ਼ ’ਚ ਟੈਕਸ ਮੁਕਤ ਕਰ ਦਿੱਤਾ ਗਿਆ ਹੈ। 

ਵਿਵੇਕ ਅਗਨੀਹੋਤਰੀ ਵਲੋਂ ਡਾਇਰੈਕਟ ਫਿਲਮ ‘ਦਿ ਕਸ਼ਮੀਰ ਫਾਈਲਸ’ ’ਚ ਕਸ਼ਮੀਰ ’ਚ ਪਾਕਿਸਤਾਨ ਸਹਿਯੋਗੀ ਅੱਤਵਾਦੀਆਂ ਵਲੋਂ ਕੀਤੀ ਗਈ ਹਿੰਸਾ ਤੋਂ ਬਾਅਦ ਉੱਥੋਂ ਵੱਡੀ ਗਿਣਤੀ ’ਚ ਹਿੰਦੂਆਂ ਦੇ ਪਲਾਇਨ ਬਾਰੇ ਵਿਖਾਇਆ ਗਿਆ ਹੈ। ਇਸ ਫਿਲਮ ’ਚ ਅਨੁਪਮ ਖੇਰ, ਦਰਸ਼ਨ ਕੁਮਾਰ, ਮਿਥੁਨ ਚੱਕਰਵਤੀ ਅਤੇ ਪੱਲਵੀ ਜੋਸ਼ੀ ਮੁੱਖ ਭੂਮਿਕਾਵਾਂ ’ਚ ਹਨ।

ਓਧਰ ਸੀਨੀਅਰ ਭਾਜਪਾ ਨੇਤਾ ਕੇਸ਼ਵ ਪ੍ਰਸਾਦ ਮੌਰਿਆ ਨੇ ਮੰਗਲਵਾਰ ਨੂੰ ਇਕ ਟਵੀਟ ’ਚ ਕਿਹਾ ਕਿ ਰੂਹ ਕੰਬਾਅ ਦੇਣ ਵਾਲੀ ਫਿਲਮ ਹੈ ‘ਦਿ ਕਸ਼ਮੀਰ ਫਾਈਲਸ’। ਇਹ ਫਿਲਮ ਬਿਆਨ ਕਰਦੀ ਹੈ ਕਿ ਕਸ਼ਮੀਰੀ ਪੰਡਤਾਂ ਦਾ ਦਰਦ, ਭਾਰਤ ਮਾਂ ਦਾ ਦਰਦ, ਕਸ਼ਮੀਰੀ ਪੰਡਤਾਂ ਦੇ ਵਾਪਸ ਕਸ਼ਮੀਰ ’ਚ ਸਹੀ ਸਲਾਮਤ ਵੱਸਣ ’ਤੇ ਹੀ ਸ਼ਾਂਤ ਹੋਵੇਗਾ। ਸਾਰਿਆਂ ਨੂੰ ਅਪੀਲ ਹੈ ਕਿ ਇਸ ਫਿਲਮ ਨੂੰ ਜ਼ਰੂਰ ਵੇਖੋ। ਫਿਲਮ ਦੇ ਡਾਇਰੈਕਟਰ ਵਿਵੇਕ ਅਗਨੀਹੋਤਰੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ।

Tanu

This news is Content Editor Tanu