ਆਉਣ ਵਾਲੇ ਦਿਨਾਂ ’ਚ ਦੇਸ਼ ਵਿਚ ‘ਕੰਪਨੀ ਰਾਜ’ ਵੇਖਣ ਨੂੰ ਮਿਲੇਗਾ : ਟਿਕੈਤ

09/29/2021 10:15:13 AM

ਰਾਜਿਮ (ਛੱਤੀਸਗੜ੍ਹ) (ਭਾਸ਼ਾ)- ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਮੰਗਲਵਾਰ ਕਿਹਾ ਕਿ ਦੇਸ਼ ਦੀ ਪੂਰੀ ਜਾਇਦਾਦ ਨੂੰ ਵਿਕਰੀ ’ਤੇ ਰੱਖ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ’ਚ ਦੇਸ਼ ਵਿਚ ‘ਕੰਪਨੀ ਰਾਜ’ ਵੇਖਣ ਨੂੰ ਮਿਲੇਗਾ। ਛੱਤੀਸਗੜ੍ਹ ਦੇ ਗਰੀਆਬੰਦ ਜ਼ਿਲ੍ਹੇ ਦੇ ਰਾਜਿਮ ਕਸਬੇ ’ਚ ਕਿਸਾਨ ਮਹਾਪੰਚਾਇਤ ’ਚ ਬੋਲਦਿਆਂ ਉਨ੍ਹਾਂ ਨੌਜਵਾਨਾਂ ਨੂੰ ਜ਼ਮੀਨ, ਫ਼ਸਲ ਅਤੇ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਲਈ ਕਿਸਾਨਾਂ ਦੇ ਵਿਰੋਧ ਵਿਖਾਵੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋ ਕਿਸਾਨਾਂ ਨੂੰ ਆਪਣੇ ਖੇਤੀਬਾੜੀ ਉਪਕਰਨ ਛੱਡ ਕੇ ਕ੍ਰਾਂਤੀ ਵੱਲ ਵਧਣਾ ਹੋਵੇਗਾ। ਅਸੀਂ ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜਨਾ ਹੈ। ਅਸੀਂ ਦਿੱਲੀ ਦੀਆਂ ਹੱਦਾਂ ’ਤੇ ਪਿਛਲੇ 10 ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਹਾਂ। ਜੇ ਸਾਡੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਸਭ ਸੂਬਿਆਂ ਦੀਆਂ ਰਾਜਧਾਨੀਆਂ ’ਚ ਇਹ ਅੰਦੋਲਨ ਹੋਵੇਗਾ।

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਨੇ ਮੁੱਖ ਮੰਤਰੀ ਚੰਨੀ ਨੂੰ ਟਵੀਟ ਕਰ ਯਾਦ ਕਰਾਏ 'ਕੈਪਟਨ' ਵੱਲੋਂ ਕੀਤੇ ਵਾਅਦੇ

ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਸਬਜ਼ੀਆਂ ਅਤੇ ਦੁੱਧ ਸਮੇਤ ਉਨ੍ਹਾਂ ਦੀ ਹਰ ਉਪਜ ਦਾ ਘੱਟੋ-ਘੱਟ ਸਮਰਥਨ ਮੁੱਲ ਮਿਲਣਾ ਚਾਹੀਦਾ ਹੈ। ਜਦੋਂ ਤੱਕ ਖੇਤੀਬਾੜੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਕਿਸਾਨ ਪਿੱਛੇ ਨਹੀਂ ਹਟਣਗੇ। ਆਉਣ ਵਾਲੀ ਪੀੜ੍ਹੀ ਨੂੰ ਇਸ ਅੰਦੋਲਨ ਦੀ ਹਮਾਇਤ ਕਰਨੀ ਹੋਵੇਗੀ। ਜੇ ਦਿੱਲੀ ਦਾ ਅੰਦੋਲਨ ਨਾਕਾਮ ਹੁੰਦਾ ਹੈ ਤਾਂ ਭਵਿੱਖ ਵਿਚ ਅਜਿਹਾ ਕੋਈ ਵੀ ਅੰਦੋਲਨ ਨਹੀਂ ਹੋ ਸਕੇਗਾ। ਕੇਂਦਰ ਦੀਆਂ ਨੀਤੀਆਂ ’ਤੇ ਨਿਸ਼ਾਨਾਂ ਵਿਨ੍ਹਦਿਆਂ ਟਿਕੈਤ ਨੇ ਕਿਹਾ ਕਿ ਰੇਲਵੇ, ਹਵਾਈ ਅੱਡੇ, ਬੰਦਰਗਾਹਾਂ ਅਤੇ ਐੱਲ.ਆਈ.ਸੀ. ਨੂੰ ਨਿੱਜੀ ਹੱਥਾਂ ’ਚ ਵੇਚਿਆ ਜਾ ਰਿਹਾ ਹੈ। ਦੇਸ਼ ਦੀ ਸਾਰੀ ਜਾਇਦਾਦ ਨੂੰ ਵੇਚਣ ਲਈ ਰੱਖ ਦਿੱਤਾ ਗਿਆ ਹੈ। ਟਿਕੈਤ ਨੇ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਦੇਸ਼ ਨੂੰ ਲੁੱਟਣ ਲਈ ਆਈ ਹੈ ਅਤੇ ਚਾਹੁੰਦੀ ਹੈ ਕਿ ਸਭ ਕੁਝ ਨਿੱਜੀ ਹੱਥਾਂ ’ਚ ਚਲਾ ਜਾਏ।

ਇਹ ਵੀ ਪੜ੍ਹੋ : ਕਿਸਾਨਾਂ ਦਾ ਭਾਰਤ ਬੰਦ: ਦਿੱਲੀ ਪੁਲਸ ਨੇ ਸਰਹੱਦਾਂ ’ਤੇ ਸੁਰੱਖਿਆ ਕੀਤੀ ਸਖ਼ਤ (ਵੇਖੋ ਤਸਵੀਰਾਂ)

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News