ਸਿਰਫ ਫੋਟੋ ਖਿਚਾਉਣ ਤੱਕ ਹੀ ਸੀਮਤ ਰਹੀ ਕਣਕ ਦੀ ਖਰੀਦ

04/23/2019 11:31:14 AM

ਬੱਧਨੀ ਕਲਾਂ (ਮਨੋਜ)— ਮਾਰਕੀਟ ਕਮੇਟੀ ਬੱਧਨੀ ਕਲਾਂ ਅਧੀਨ ਪੈਂਦੀ ਮੁੱਖ ਦਾਣਾ ਮੰਡੀ ਤੇ ਨੇੜੇ ਦੇ ਕਈ ਖਰੀਦ ਕੇਂਦਰਾਂ 'ਚ ਕਣਕ ਦੀ ਜ਼ੋਰਦਾਰ ਆਮਦ ਬੀਤੇ ਕੱਲ ਤੋਂ ਸ਼ੁਰੂ ਹੋ ਚੁੱਕੀ ਹੈ। ਮੰਡੀ 'ਚ 3 ਖਰੀਦ ਏਜੰਸੀਆਂ ਪਨਸਪ, ਪਨਗ੍ਰੇਨ ਅਤੇ ਪੰਜਾਬ ਸਟੇਟ ਵੇਅਰ ਹਾਊਸ ਦੀ ਖਰੀਦ ਹੈ ਪਰ ਅੱਜ ਖਰੀਦ ਏਜੰਸੀਆਂ ਵੱਲੋਂ ਕੁਝ ਕੁ ਬੋਰੀਆਂ ਦੀ ਖਰੀਦ ਕਰ ਕੇ ਖਾਨਾਪੂਰਤੀ ਹੀ ਕੀਤੀ ਗਈ। ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਲਈ ਮਜਬੂਰ ਹੋਣਾ ਪਿਆ। ਟਰੇਡ ਯੂਨੀਅਨ ਆਗੂ ਕਾਮਰੇਡ ਲਾਲ ਸਿੰਘ ਨੇ ਕਿਹਾ ਕਿ ਮੰਡੀ ਜਦੋਂ ਹੁਣ ਕਣਕ ਦੀਆਂ ਢੇਰੀਆਂ ਨਾਲ ਭਰ ਚੁੱਕੀ ਹੈ ਤਾਂ ਕੁਝ ਕੁ ਬੋਰੀਆਂ ਦੀ ਹੀ ਖਰੀਦ ਕਰਨਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਖਰੀਦ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਕੀਤੇ ਜਾਣ ਦੇ ਬਾਵਜੂਦ ਸਥਿਤੀ ਕੁਝ ਹੋਰ ਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ 'ਚ ਪਈਆਂ ਕਣਕ ਦੀਆਂ ਸਾਰੀਆਂ ਢੇਰੀਆਂ ਦੀ ਖਰੀਦ ਤੁਰੰਤ ਕੀਤੀ ਜਾਵੇ।

ਸਿਰਫ ਕੁਝ ਕੁ ਬੋਰੀਆਂ ਦੀ ਖਰੀਦ ਕਰ ਕੇ ਅਧਿਕਾਰੀਆਂ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਖੜ੍ਹ ਕੇ ਫੋਟੋ ਖਿਚਾਉਣ ਤੱਕ ਹੀ ਅੱਜ ਦੀ ਖਰੀਦ ਸੀਮਤ ਰਹੀ। ਮੰਡੀ 'ਚ ਬੈਠੇ ਕਿਸਾਨ ਮੁਕੰਦ ਸਿੰਘ ਨੇ ਕਿਹਾ ਕਿ ਝੋਨਾ ਵੇਚਣ ਸਮੇਂ ਕਈ ਕਈ ਦਿਨ ਮੰਡੀਆਂ 'ਚ ਬੈਠਣ ਲਈ ਮਜਬੂਰ ਹੋਣਾ ਪਿਆ ਸੀ ਅੱਜ ਦੇ ਹਾਲਾਤ ਦੇਖ ਕੇ ਲੱਗਦਾ ਹੈ ਕਿ ਕਣਕ ਵੇਚਣ ਲਈ ਵੀ ਕਿਸਾਨਾਂ ਨੂੰ ਜੱਦੋ-ਜਹਿਦ ਕਰਨੀ ਪਵੇਗੀ। ਦੱਸਣਯੋਗ ਹੈ ਕਿ ਮੰਡੀ ਵਿਚ 30 ਹਜ਼ਾਰ ਗੱਟਾ ਪਿਆ ਹੈ, ਜਿਸ 'ਚੋਂ ਪਨਗ੍ਰੇਨ ਨੇ 600, ਪੰਜਾਬ ਐਗਰੋ ਨੇ 251 ਗੱਟੇ ਹੀ ਖਰੀਦੇ ਹਨ।

Shyna

This news is Content Editor Shyna