ਸਤਲੁਜ ਦਰਿਆ ’ਚੋਂ ਚੋਰੀ-ਛੁਪੇ ਰੇਤਾ ਕੱਢਣ ਦੇ ਮਾਮਲੇ ’ਚ 7 ਨਾਮਜ਼ਦ, ਦੋਸ਼ੀ ਫਰਾਰ

03/26/2022 6:19:05 PM

ਮੋਗਾ (ਜ.ਬ.) : ਮੋਗਾ ਪੁਲਸ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਚੋਰੀ ਛੁਪੇ ਰੇਤ ਕੱਢ ਕੇ ਵੇਚਣ ਵਾਲਿਆਂ ਖ਼ਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਧਰਮਕੋਟ ਪੁਲਸ ਵੱਲੋਂ 7 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਬਿਨਾਂ ਨੰਬਰੀ ਦੋ ਟਰੈਕਟਰ ਅਤੇ ਇਕ ਟਰਾਲੀ ਦੇ ਇਲਾਵਾ ਰੇਤਾ ਇਕੱਠਾ ਕਰਨ ਲਈ ਵਰਤਿਆ ਜਾ ਰਿਹਾ ਕੁਰਾਹਿਆ ਵੀ ਕਬਜ਼ੇ ਵਿਚ ਲੈਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਜਸਵਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕੁਲਵੰਤ ਸਿੰਘ ਨਿਵਾਸੀ ਪਿੰਡ ਰੇੜਵਾਂ, ਲਖਵੀਰ ਸਿੰਘ ਨਿਵਾਸੀ ਪਿੰਡ ਭੋਏਪੁਰ ਆਪਣੇ 4-5 ਅਣਪਛਾਤੇ ਸਾਥੀਆਂ ਨਾਲ ਚੋਰੀ ਛੁਪੇ ਦਰਿਆ ਸਤਲੁਜ ਵਿਚੋਂ ਰੇਤਾ ਕੱਢਣ ਦਾ ਧੰਦਾ ਕਰਦੇ ਹਨ ਅਤੇ ਮਹਿੰਗੇ ਭਾਅ ਵਿਚ ਅੱਗੇ ਵੇਚਦੇ ਹਨ।

ਇਸ ’ਤੇ ਉਨ੍ਹਾਂ ਛਾਪੇਮਾਰੀ ਕਰ ਕੇ ਬਿਨਾਂ ਨੰਬਰੀ ਦੋ ਟਰੈਕਟਰ ਅਤੇ ਇਕ ਟਰਾਲੀ ਸਮੇਤ ਇਕ ਕੁਰਾਹਾ ਵੀ ਕਬਜ਼ੇ ਵਿਚ ਲੈ ਲਿਆ, ਜਦਕਿ ਕਥਿਤ ਦੋਸ਼ੀ ਟਰੈਕਟਰ-ਟਰਾਲੀਆਂ ਛੱਡ ਕੇ ਭੱਜਣ ਵਿਚ ਸਫਲ ਹੋ ਗਏ। ਪੁਲਸ ਨੇ ਮੁਲਜ਼ਮਾਂ ਖ਼ਿਲਾਫ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Gurminder Singh

Content Editor

Related News