31 ਜੁਲਾਈ ਤੱਕ ਖੇਤੀ ਸੰਦਾਂ ਉਪਰ ਕਿਸਾਨਾਂ ਨੂੰ ਮਿਲੇਗੀ ਸਬਸਿਡੀ

07/05/2019 10:38:15 AM

ਮੋਗਾ (ਗੋਪੀ ਰਾਊਕੇ)—ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਸੰਦਾਂ ਉੱਪਰ ਮਿਲ ਰਹੀ ਸਬਸਿਡੀ ਦੀ ਤਾਰੀਖ 'ਚ ਵਾਧਾ ਕਰ ਕੇ ਵੱਡੀ ਰਾਹਤ ਪ੍ਰਦਾਨ ਕੀਤੀ ਹੈ ਤਾਂ ਕਿ ਜ਼ਿਲੇ ਦੇ ਵੱਧ ਤੋਂ ਵੱਧ ਕਿਸਾਨ ਖੇਤੀਬਾੜੀ ਸੰਦਾਂ ਦੀ ਨਵੀਂ ਤਕਨੀਕ ਨਾਲ ਜੁੜ ਸਕਣ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫਸਰ ਪਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਹੁਣ ਕਿਸਾਨ ਭਰਾ 30 ਜੂਨ ਦੀ ਬਜਾਏ ਹੁਣ 31 ਜੁਲਾਈ 2019 ਤੱਕ ਖੇਤੀ ਸੰਦਾਂ ਉਪਰ ਮਿਲ ਰਹੀ ਸਬਸਿਡੀ ਦਾ ਲਾਭ ਉਠਾ ਸਕਦੇ ਹਨ। ਕਿਸਾਨਾਂ ਨੂੰ ਹੈਪੀ ਸੀਡਰ, ਮਲਚਰ, ਪਲਾਓ ਹਾਈਡ੍ਰੋਲਿਕ, ਜੀਰੋ ਡਰਿੱਲ, ਰੋਟਾ ਵੇਟਰ, ਪੈਡੀ ਸਟਰਾ ਅਤੇ ਚੋਪਰ 'ਤੇ 50 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ, ਇਹ ਸੰਦ ਜੇਕਰ ਕੋਈ ਸਹਿਕਾਰੀ ਸਭਾਵਾਂ ਜਾਂ ਕਿਸਾਨ ਗਰੁੱਪਾਂ ਵੱਲੋਂ ਲਈ ਜਾਂਦੀ ਹੈ ਤਾਂ ਉਨ੍ਹਾਂ ਨੂੰ 80 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਵੀਰ ਸਬਸਿਡੀ ਦੇ ਫਾਰਮ ਭਰਨ ਲਈ ਜਮ੍ਹਾਂਬੰਦੀ ਟਰੈਕਟਰ ਦੀ ਕਾਪੀ, ਆਧਾਰ ਕਾਰਡ ਤੋਂ ਇਲਾਵਾ ਤਿੰਨ ਫੋਟੋ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਸਬਸਿਡੀ ਫਾਰਮ ਭਰਨ 'ਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਕਿਸਾਨ/ਕਿਸਾਨ ਗਰੁੱਪ/ਸਹਿਕਾਰੀ ਸਭਾਵਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਪਾਸੋ ਭਾਰਤ ਸਰਕਾਰ ਵੱਲੋਂ ਤਿਆਰ ਕੀਤੇ ਪੋਰਟਲ ਤੇ ਰਜਿਸਟਰ ਕਰਨ ਦੀ ਸਲਾਹ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ ਕਿਸਾਨਾਂ ਵਲੋਂ 8 ਵਿਅਕਤੀਆਂ ਦਾ ਗਰੁੱਪ ਬਣਾ ਕੇ ਜਿਨ੍ਹਾਂ 'ਚ ਦੋ ਲੇਡੀਜ਼ ਜਰਨਲ ਕਿਸਾਨ ਦੋ ਲੇਡੀਜ਼ ਐੱਸੀ. ਸੀ., 4 ਜਰਨਲ ਵਿਅਕਤੀ 10 ਲੱਖ ਰੁਪਏ ਦੇ ਖੇਤੀ ਸੰਦ ਲੈ ਸਕਦੇ ਹਨ, ਜਿਨ੍ਹਾਂ ਉਪਰ ਕਿਸਾਨਾਂ ਨੂੰ 8 ਲੱਖ ਰੁਪਏ ਸਬਸਿੱਡੀ ਦਿੱਤੀ ਜਾਵੇਗੀ। ਮੁੱਖ ਖੇਤੀਬਾੜੀ ਅਫਸਰ ਪਰਮਿੰਦਰ ਸਿੰਘ ਬਰਾੜ ਨੇ ਕਿਸਾਨ ਭਰਾਵਾਂ ਨੂੰ ਇਸ ਸਕੀਮ ਤਹਿਤ ਮਿਲ ਰਹੀ ਸਬਸਿਡੀ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਦੀ ਅਪੀਲ ਕੀਤੀ।


Shyna

Content Editor

Related News