ਕਿਰਤੀ ਕਿਸਾਨ ਯੂਨੀਅਨ ਮੰਗਾਂ ਨੂੰ ਲੈ ਕੇ ਦੇਵੇਗੀ ਧਰਨਾ

07/22/2019 2:55:42 PM

ਬਾਘਾ ਪੁਰਾਣਾ (ਰਾਕੇਸ਼)—ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ 23 ਜੁਲਾਈ ਨੂੰ ਦਿੱਤੇ ਜਾ ਰਹੇ ਧਰਨੇ ਸਬੰਧੀ ਪਿੰਡ ਮਾਹਲਾਂ ਕਲਾ, ਵੱਡਾ ਘਰ, ਰੋਡੇ ਕਲਾ ਵਿਖੇ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਦਾ ਸੰਕਟ ਖਾਸ ਕਰ ਕੇ ਛੋਟੀ ਕਿਸਾਨੀ ਦਾ ਸੰਕਟ ਬਹੁਤ ਗਹਿਰਾ ਹੋ ਚੁੱਕਾ ਹੈ। ਇਕ ਪਾਸੇ ਸਰਕਾਰਾਂ ਵੱਡੇ ਸਰਮਾਏਦਾਰ ਘਰਾਣਿਆ ਦੇ ਕਰਜੇ 'ਤੇ ਲਕੀਰ ਫੇਰ ਰਹੀਆਂ ਹਨ ਪਰ ਦੂਸਰੇ ਪਾਸੇ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਆਪਣੀਆਂ ਗਲਤ ਨੀਤੀਆਂ ਕਰ ਕੇ ਫਸਲਾਂ ਦਾ ਪੂਰਾ ਮੁੱਲ ਨਾ ਦੇਣ ਕਰ ਕੇ ਮਜਬੂਰੀ ਵੱਸ ਚੁੱਕੇ ਕਿਸਾਨਾਂ ਦੇ ਕਰਜੇ 'ਤੇ ਲਕੀਰ ਫੇਰਨ ਤੋਂ ਟਾਲ ਮਟੋਲ ਕਰ ਰਹੀਆਂ ਹਨ।

ਜ਼ਿਲਾ ਪ੍ਰਧਾਨ ਛਿੰਦਰ ਸਿੰਘ ਝੰਡੇਆਣਾ ਨੇ ਕਿਹਾ ਕਿ ਬੈਂਕਾਂ ਵਾਲੇ ਕਰਜਾ ਚੁਕਾਉਣ ਸਮੇਂ ਕਿਸਾਨਾਂ ਤੋਂ ਦਸਤਖਤ ਕਰਵਾ ਕੇ ਖਾਲੀ ਚੈੱਕ ਲੈ ਲੈਂਦੇ ਹਨ, ਬਾਅਦ 'ਚ ਅਦਾਲਤ 'ਚ ਕੇਸ ਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਚੈੱਕ ਲੈ ਕੇ ਰੱਖਣਾ ਗੈਰ ਕਾਨੂੰਨੀ ਹੈ। ਸਾਰੀਆਂ ਬੈਂਕਾਂ ਨੂੰ ਚੈੱਕ ਕਿਸਾਨਾਂ ਨੂੰ ਵਾਪਸ ਕਰਨੇ ਚਾਹੀਦੇ ਹਨ, ਇਸ ਤੋਂ ਬਿਨਾਂ ਕਿਸਾਨਾਂ ਦੀਆਂ ਹੋਰ ਮੰਗਾਂ ਪੰਜ ਏਕੜ ਤੱਕ ਦੇ ਕਿਸਾਨਾਂ ਨੂੰ ਬਿਨਾਂ ਵਿਆਜ ਕਰਜਾ ਦਵਾਉਣ ਲਈ ਪਿੰਡ 'ਚ ਖੇਤੀ ਸੰਦ ਕੇਂਦਰ ਖੁੱਲਵਾਉਣ ਲਈ ਦਸ ਏਕੜ ਤੱਕ ਦੇ ਕਿਸਾਨਾਂ ਦਾ ਸਮੁੱਚਾ ਕਰਜਾ ਮੁਆਫ ਕਰਵਾਉਣ ਲਈ ਕਿਸਾਨਾਂ ਨੂੰ ਸਵਾਮੀਨਾਥਨ ਦੀ ਰਿਪੋਰਟ ਅਨੁਸਾਰ ਫਸਲਾ ਦਾ ਭਾਅ ਦਵਾਉਣ ਲਈ, ਝੋਨੇ ਕਣਕ ਤੋਂ ਬਿਨਾਂ ਫਸਲੀ ਵਿਭਿੰਨਤਾ ਲਿਆਉਣ ਅਤੇ ਪੱਕਾ ਰੇਟ ਦਵਾਉਣ ਲਈ, ਦੁੱਧ ਦੇ ਰੇਟ 'ਚ ਵਾਧਾ ਕਰਵਾਉਣ ਲਈ 23 ਜੁਲਾਈ ਨੂੰ ਧਰਨਾ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਬਲਾਕ ਪ੍ਰਧਾਨ ਚਮਕੋਰ ਸਿੰਘ ਰੋਡੇ ਖੁਰਦ, ਲਖਵੀਰ ਰੋਡੇ, ਸਿੰਦਰਪਾਲ ਕੌਰ, ਬਲਕਰਨ ਸਿੰਘ, ਬਲਜੀਤ ਸਿੰਘ, ਅਜਮੇਰ ਸਿੰਘ, ਬਲਵੀਰ ਸਮਾਲਸਰ, ਸੇਵਕ ਸਿੰਘ ਰੋਡੇ ਖੁਰਦ, ਨਿਰਮਲ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।


Shyna

Content Editor

Related News