ਜਾਅਲੀ ਦਸਤਾਵੇਜ਼ ''ਤੇ ਅਸਲਾ ਲਾਇਸੈਂਸ ਬਣਵਾਉਣ ਵਾਲੇ ਵਿਰੁੱਧ ਮਾਮਲਾ ਦਰਜ

06/18/2019 5:16:34 PM

ਮੋਗਾ (ਆਜ਼ਾਦ)—ਜ਼ਿਲਾ ਸੰਗਰੂਰ ਅਧੀਨ ਪੈਂਦੇ ਪਿੰਡ ਈਲ ਵਾਲ ਨਿਵਾਸੀ ਇਕ ਵਿਅਕਤੀ ਵੱਲੋਂ ਜਾਅਲੀ ਦਸਤਾਵੇਜ਼ ਦੇ ਆਧਾਰ 'ਤੇ ਮੋਗਾ ਤੋਂ ਆਪਣਾ ਅਸਲਾ ਲਾਇਸੈਂਸ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਂਚ ਦੇ ਬਾਅਦ ਕਥਿਤ ਦੋਸ਼ੀ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਆਰੰਭ ਕਰ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਥਾਣਾ ਸਿਟੀ ਮੋਗਾ ਦੇ ਇੰਸਪੈਕਟਰ ਬਲਰਾਜ ਮੋਹਨ ਵੱਲੋਂ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਉਰਫ ਡੋਫਲੀ ਪੁੱਤਰ ਸ਼ੇਰ ਸਿੰਘ ਨਿਵਾਸੀ ਪਿੰਡ ਈਲਵਾਲ (ਸੰਗਰੂਰ) ਜਿਸ ਖਿਲਾਫ ਜ਼ਿਲਾ ਸੰਗਰੂਰ ਵਿਚ ਵੱਖ-ਵੱਖ ਮਾਮਲੇ ਦਰਜ ਹਨ, ਨੇ ਆਪਣਾ ਅਸਲਾ ਲਾਇਸੈਂਸ ਬਣਵਾਉਣ ਲਈ ਆਪਣੇ ਸਹੁਰੇ ਪਰਿਵਾਰ ਦਾ ਪਤਾ ਦੱਸ ਕੇ ਅਤੇ ਜਾਅਲੀ ਦਸਤਾਵੇਜ਼ ਦੇ ਆਧਾਰ 'ਤੇ 1 ਮਾਰਚ 2010 ਨੂੰ ਆਪਣਾ ਅਸਲਾ ਲਾਇਸੈਂਸ ਜਾਰੀ ਕਰਵਾ ਲਿਆ, ਜਿਸ ਦੀ ਸ਼ਿਕਾਇਤ ਮਿਲਣ 'ਤੇ ਇਸ ਮਾਮਲੇ ਦੀ ਜਾਂਚ ਐੱਸ. ਪੀ. ਆਈ. ਮੋਗਾ ਵੱਲੋਂ ਕੀਤੀ ਗਈ। ਜਾਂਚ ਸਮੇਂ ਉਕਤ ਮਾਮਲੇ ਦਾ ਪਰਦਾਫਾਸ਼ ਹੋਣ 'ਤੇ ਥਾਣਾ ਸਿਟੀ ਮੋਗਾ ਵਿਚ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ।

Shyna

This news is Content Editor Shyna