ਕਿਰਤੀ ਕਿਸਾਨ ਯੂਨੀਅਨ ਨੇ ਜੇਲ ਪ੍ਰਸ਼ਾਸਨ ਦਾ ਫੂਕਿਆ ਪੁਤਲਾ

01/06/2020 6:12:01 PM

ਬਾਘਾ ਪੁਰਾਣਾ (ਰਾਕੇਸ਼): ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਦੀ ਗ੍ਰਿਫਤਾਰੀ ਅਤੇ ਉਨ੍ਹਾਂ 'ਤੇ ਜੇਲ 'ਚ ਹਮਲੇ ਨੂੰ ਸਾਜ਼ਿਸ਼ ਕਰਾਰ ਦਿੰਦਿਆਂ ਪਿੰਡ ਰੋਡੇ 'ਚ ਮਾਰਚ ਕਰਨ ਉਪਰੰਤ ਜੇਲ ਪ੍ਰਸ਼ਾਸਨ ਦਾ ਪੁਤਲਾ ਫੂਕਿਆ। ਇਸ ਮੌਕੇ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ, ਬਲਾਕ ਕਮੇਟੀ ਮੈਂਬਰ ਅਨਮੋਲ ਸਿੰਘ, ਬਲਵਿੰਦਰ ਸਿੰਘ ਪੱਪੂ ਰੋਡੇ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹਰਬੰਸ ਸਿੰਘ ਰੋਡੇ ਨੇ ਕਿਸਾਨ ਆਗੂ ਰਾਜਿੰਦਰ ਸਿੰਘ ਨੂੰ ਝੂਠੇ ਕੇਸਾਂ 'ਚ ਫਸਾਉਣ ਦਾ ਦੋਸ਼ ਲਾਇਆ। ਰਾਜਿੰਦਰ ਸਿੰਘ 'ਤੇ ਜੇਲ 'ਚ ਹੋਇਆ ਹਮਲਾ ਫਰੀਦਕੋਟ ਜ਼ਿਲੇ ਦੇ ਪ੍ਰਸ਼ਾਸਨ ਦੀ ਡੂੰਘੀ ਸਾਜ਼ਿਸ਼ ਦਾ ਸਿੱਟਾ ਹੈ। ਉਨ੍ਹਾਂ ਕਿਸਾਨ ਆਗੂ ਦੀ ਬਿਨਾਂ ਕਿਸੇ ਸ਼ਰਤ ਫੌਰੀ ਤੌਰ 'ਤੇ ਰਿਹਾਈ ਦੀ ਮੰਗ ਕੀਤੀ, ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਦੇ ਨਾਲ ਹੀ ਆਗੂਆਂ ਨੇ ਆਖਿਆ ਕਿ ਆਉਣ ਵਾਲੀ 8 ਜਨਵਰੀ ਨੂੰ ਭਾਰਤ ਦੀਆਂ 260 ਜਥੇਬੰਦੀਆਂ ਦੇ ਸੱਦੇ 'ਤੇ ਇਸ ਦਿਨ ਪੇਂਡੂ ਭਾਰਤ ਬੰਦ ਦੀ ਕਾਮਯਾਬੀ ਹੋਵੇਗੀ। ਇਸ ਦਿਨ ਕੋਈ ਵੀ ਵਿਅਕਤੀ ਚੀਜ਼ ਵੇਚਣ ਪਿੰਡਾਂ ਨੂੰ ਨਹੀਂ ਜਾਵੇਗਾ ਅਤੇ ਨਾ ਹੀ ਕੋਈ ਖਰੀਦਣ ਸ਼ਹਿਰ ਨੂੰ ਜਾਵੇਗਾ ਕਿਉਂਕਿ ਸਰਕਾਰਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਣਗੌਲਿਆ ਕਰ ਦਿੱਤਾ ਹੈ। ਕਿਸਾਨ ਅਤੇ ਮਜ਼ਦੂਰ ਦਿਨੋ-ਦਿਨ ਆਰਥਕ ਪੱਖੋਂ ਕਮਜ਼ੋਰ ਹੁੰਦੇ ਜਾ ਰਹੇ ਹਨ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ। ਸਰਕਾਰਾਂ ਕਿਸਾਨਾਂ ਨੂੰ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਦੇਣ। ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਆਰਥਕ ਸਹਾਇਤਾ 10 ਲੱਖ ਰੁਪਏ ਦਿੱਤੇ ਜਾਣ, ਨਾਲ ਹੀ ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀ ਉਮਰ 60 ਸਾਲ ਦੀ ਹੋ ਜਾਂਦੀ ਹੈ ਉਹ ਮਰਦ ਹੋਵੇ ਜਾਂ ਸਹਿਯੋਗੀ ਔਰਤ ਹੋਵੇ ਉਨ੍ਹਾਂ ਦੀ ਹਰ ਮਹੀਨੇ ਦੀ ਪੈਨਸ਼ਨ 10 ਹਜ਼ਾਰ ਰੁਪਏ ਗਾਰੰਟੀ ਦੇ ਤੌਰ 'ਤੇ ਦੇਣੀ ਚਾਹੀਦੀ ਹੈ। ਕਿਸਾਨਾਂ ਦੇ ਸਮੁੱਚੇ ਕਰਜ਼ੇ 'ਤੇ ਲੀਕ ਫੇਰਨੀ ਚਾਹੀਦੀ ਹੈ ਆਦਿ।ਇਸ ਮੌਕੇ ਛਿੰਦਰਪਾਲ ਕੌਰ ਰੋਡੇ ਖੁਰਦ, ਪਰਮਜੀਤ ਕੌਰ ਰੋਡੇ ਖੁਰਦ, ਅਵਤਾਰ ਸਿੰਘ ਰੋਡੇ, ਜੁਗਰਾਜ ਸਿੰਘ ਰੋਡੇ, ਠਾਣਾ ਸਿੰਘ ਕੋਠੇ ਗੁਰੂਪੁਰਾ, ਕੁਲਦੀਪ ਸਿੰਘ ਰੋਡੇ ਖੁਰਦ ਆਦਿ ਹਾਜ਼ਰ ਸਨ।


Shyna

Content Editor

Related News