3 ਲੱਖ ਦਾ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ 5 ਹਜ਼ਾਰ ਠੱਗੇ

05/28/2022 6:32:58 PM

ਮੋਗਾ (ਆਜ਼ਾਦ) : ਬੁੱਘੀਪੁਰਾ ਨਿਵਾਸੀ ਕਰਿਆਨਾ ਦੁਕਾਨਦਾਰ ਸਵਰਨ ਸਿੰਘ ਨੇ ਪਿੰਡ ਦੇ ਹੀ ਇਕ ਵਿਅਕਤੀ ’ਤੇ ਉਸ ਨੂੰ ਪ੍ਰਧਾਨ ਮੰਤਰੀ ਯੋਜਨਾ ਤਹਿਤ 3 ਲੱਖ ਰੁਪਏ ਦਾ ਕਰਜ਼ਾ ਦਿਵਾਉਣ ਦਾ ਝਾਂਸਾ ਦੇ ਕੇ 5 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧ ਵਿਚ ਜਾਂਚ ਦੇ ਬਾਅਦ ਦੋਸ਼ੀ ਰਾਜ ਕਮਲ ਉਰਫ਼ ਕਮਲ ਨਿਵਾਸੀ ਪਿੰਡ ਬੁੱਘੀਪੁਰਾ ਖ਼ਿਲਾਫ ਥਾਣਾ ਮਹਿਣਾ ਵਿਚ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਨਛੱਤਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸਵਰਨ ਸਿੰਘ ਨੇ ਕਿਹਾ ਕਿ ਉਹ ਕਰਿਆਨੇ ਦੀ ਦੁਕਾਨ ਕਰਦਾ ਹੈ। ਦੋਸ਼ੀ ਰਾਜ ਕਮਲ ਉਰਫ ਕਮਲ ਜੋਸ਼ੀ ਸਾਡੇ ਘਰ ਕੋਲ ਰਹਿੰਦਾ ਹੈ। ਉਹ ਮੇਰੀ ਦੁਕਾਨ ’ਤੇ ਕਰੀਬ ਡੇਢ ਸਾਲ ਪਹਿਲਾਂ ਜਦੋਂ ਸੋਦਾ ਲੈਣ ਲਈ ਆਇਆ ਤਾਂ ਕਹਿਣ ਲੱਗਾ ਕਿ ਤੁਹਾਡੀ ਦੁਕਾਨ ਵਿਚ ਸਾਮਾਨ ਬਹੁਤ ਘੱਟ ਹੈ। ਮੈਂਨੂੰ ਤੁਹਾਨੂੰ ਪ੍ਰਧਾਨ ਮੰਤਰੀ ਯੋਜਨਾ ਤਹਿਤ 3 ਲੱਖ ਰੁਪਏ ਦਾ ਕਰਜਾ ਦਿਵਾ ਦੇਵਾਂਗਾ, ਜਿਸ ਵਿਚੋਂ ਸਵਾ 2 ਲੱਖ ਰੁਪਏ ਵਾਪਸ ਕਰਨੇ ਪੈਣਗੇ।

75 ਹਜ਼ਾਰ ਸਬਸਿਡੀ ਮਿਲੇਗੀ ਅਤੇ ਕਰਜ਼ਾ ਵੀ ਬਿਨਾਂ ਵਿਆਜ ਹੋਵੇਗਾ, ਜਿਸ ’ਤੇ ਮੈਂ ਉਸਦੇ ਝਾਂਸੇ ਵਿਚ ਆ ਗਿਆ ਅਤੇ ਕਹਿਣ ’ਤੇ ਫਾਈਲ ਤਿਆਰ ਕਰਨ ਲਈ 5 ਹਜ਼ਾਰ ਰੁਪਏ ਨਕਦ ਦੇ ਦਿੱਤੇ ਪਰ ਦੋਸ਼ੀ ਨੇ ਨਾ ਤਾਂ ਮੈਨੂੰ ਕਰਜ਼ਾ ਦਿਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਿਟੀ ਮੋਗਾ ਵੱਲੋਂ ਕਰਨ ਦੇ ਬਾਅਦ ਕਥਿਤ ਦੋਸ਼ੀ ਖ਼ਿਲਾਫ਼ ਉਕਤ ਮਾਮਲਾ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬੀਤੀ 26 ਮਈ ਨੂੰ ਵੀ ਕਥਿਤ ਦੋਸ਼ੀ ਖਿਲਾਫ ਪਿੰਡ ਬੁੱਘੀਪੁਰਾ ਨਿਵਾਸੀ ਕੁਲਦੀਪ ਕੌਰ ਨੂੰ ਕਰਜ਼ਾ ਦਿਵਾਉਣ ਦੇ ਨਾਂ ’ਤੇ 6 ਹਜ਼ਾਰ ਰੁਪਏ ਠੱਗੀ ਮਾਰਨ ਦਾ ਮਾਮਲਾ ਥਾਣਾ ਮਹਿਣਾ ਵਿਚ ਦਰਜ ਹੋਇਆ ਸੀ, ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News