ਰਸਤੇ ''ਚ ਘੇਰ ਕੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਮਾਰ

06/14/2019 5:21:03 PM

ਬੱਧਨੀ ਕਲਾਂ (ਬੱਬੀ)—ਪਿੰਡ ਦੋਧਰ ਸ਼ਰਕੀ ਵਿਖੇ ਠੇਕੇ 'ਤੇ ਦਿੱਤੀ ਜ਼ਮੀਨ ਦੇ ਪੈਸੇ ਲੈਣ ਦੇਣ ਸਬੰਧੀ ਝਗੜੇ ਦੇ ਚਲਦਿਆਂ ਇਕ ਨੌਜਵਾਨ ਨੂੰ ਦੋ ਮੋਟਰਸਾਈਕਲ ਸਵਾਰਾਂ ਵਲੋਂ ਬੇਰਹਿਮੀ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵਲੋਂ ਇਸ ਘਟਨਾ ਦੇ ਸਬੰਧ 'ਚ ਪਿਓ-ਪੁੱਤ ਜੋ ਕਿ ਪਿੰਡ ਡਾਂਗੀਆਂ ਦੇ ਰਹਿਣ ਵਾਲੇ ਹਨ, ਖਿਲਾਫ ਥਾਣਾ ਬੱਧਨੀ ਕਲਾਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸੀ. ਐੱਚ. ਸੀ. ਢੁੱਡੀਕੇ ਵਿਖੇ ਜ਼ੇਰੇ ਇਲਾਜ ਸੁਖਵਿੰਦਰ ਸਿੰਘ ਉਰਫ ਰਾਜੂ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਦੋਧਰ ਸ਼ਰਕੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਰਾਤ 9 ਵਜੇ ਦੇ ਕਰੀਬ ਜਦੋਂ ਉਹ ਮੋਟਰਸਾਈਕਲ 'ਤੇ ਪਿੰਡ ਡਾਂਗੀਆਂ ਤੋਂ ਕੰਮ ਧੰਦਾ ਕਰ ਕੇ ਵਾਪਸ ਆਪਣੇ ਪਿੰਡ ਦੋਧਰ ਸ਼ਰਕੀ ਆ ਰਿਹਾ ਸੀ ਕਿ ਰਸਤੇ 'ਚ ਸੇਮ ਦੇ ਪੁੱਲ ਕੋਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ, ਪਿਛੇ ਆਏ ਦੋ ਵਿਅਕਤੀਆਂ ਸੁਖਵਿੰਦਰ ਸਿੰਘ ਨੀਟਾ ਅਤੇ ਉਸ ਦੇ ਲੜਕੇ ਸੀਰਾ ਸਿੰਘ ਵਾਸੀ ਡਾਂਗੀਆਂ ਨੇ ਮੈਨੂੰ ਜ਼ਬਰਦਸਤੀ ਘੇਰ ਲਿਆ ਤੇ ਕਿਰਚਾ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ, ਬਾਅਦ 'ਚ ਜਾਣੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੇਰੀ ਜੇਬ 'ਚੋਂ 5000 ਰੁਪਏ ਕੱਢ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਮੇਰੇ ਇਕ ਦੋਸਤ ਨੇ ਮੈਨੂੰ ਚੁੱਕ ਕੇ ਢੁੱਡੀਕੇ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ।

ਪੀੜਤ ਵਿਅਕਤੀ ਨੇ ਰੰਜਿਸ਼ ਵਜ੍ਹਾ ਬਿਆਨ ਕਰਦਿਆਂ ਕਿਹਾ ਕਿ ਮੇਰੇ ਪਿਤਾ ਨੇ ਸੰਨ 2018 'ਚ ਉਨ੍ਹਾਂ ਨੂੰ ਜ਼ਮੀਨ ਠੇਕੇ 'ਤੇ ਦਿੱਤੀ ਸੀ ਪਰ ਉਨ੍ਹਾਂ ਮੇਰੇ ਪਿਤਾ ਨੂੰ ਠੇਕੇ ਦੇ ਪੈਸੇ ਨਹੀਂ ਦਿੱਤੇ, ਜਿਸ 'ਤੇ ਮੇਰੇ ਪਿਤਾ ਨੇ ਦੁਖੀ ਹੋ ਕੇ ਲੋਪੋਂ ਚੌਂਕੀ ਵਿਖੇ ਇਨ੍ਹਾਂ ਖਿਲਾਫ ਸ਼ਿਕਾਇਤ ਕਰ ਦਿੱਤੀ, ਇਸ ਤੋਂ ਬੁਖਲਾਹਟ 'ਚ ਆ ਕੇ ਇਨ੍ਹਾਂ ਮੇਰੇ ਨਾਲ ਕੁੱਟ-ਮਾਰ ਕੀਤੀ ਹੈ। ਘਟਨਾ ਨੂੰ ਗੰਭੀਰਤਾਂ ਨਾਲ ਲੈਂਦਿਆਂ ਲੋਪੋਂ ਚੌਂਕੀ ਇੰਚਾਰਜ ਸਹਾਇਕ ਥਾਣੇਦਾਰ ਪ੍ਰੀਤਮ ਸਿੰਘ ਵਲੋਂ ਸੁਖਵਿੰਦਰ ਸਿੰਘ ਉਰਫ ਨੀਟਾ ਪੁੱਤਰ ਤਾਰਾ ਸਿੰਘ ਅਤੇ ਉਸ ਦੇ ਲੜਕੇ ਸੀਰਾ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਡਾਂਗੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕਿਸੇ ਦੋਸ਼ੀ ਨੂੰ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ।

Shyna

This news is Content Editor Shyna