ਐਂਟੀ ਕੁਰੱਪਸ਼ਨ ਅਵੇਅਰਨੈੱਸ ਦੇ ਸੰਘਰਸ਼ ਮੂਹਰੇ ਝੁਕਿਆ ਪ੍ਰਸ਼ਾਸਨ

09/23/2019 12:37:40 PM

ਮੋਗਾ (ਗੋਪੀ ਰਾਊਕੇ)—ਮੋਗਾ ਸ਼ਹਿਰ ਦੇ ਮੁੱਖ ਬਾਜ਼ਾਰ ਦੀ ਸੜਕ 'ਤੇ ਪਏ ਦੋ-ਦੋ ਫੁੱਟ ਡੂੰਘੇ ਖੱਡਿਆਂ ਕਰ ਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਵੱਡੇ ਪੱਧਰ 'ਤੇ ਉਠਾਉਂਦੇ ਹੋਏ ਜਿੱਥੇ ਐਂਟੀ ਕੁਰੱਪਸ਼ਨ ਅਵੇਅਰਨੈੱਸ ਵੱਲੋਂ ਸੜਕ ਬਣਾਉਣ ਲਈ ਪਿਛਲੇ ਇਕ ਹਫਤੇ ਤੋਂ ਲੜੀਵਾਰ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ, ਉੱਥੇ ਹੀ ਦੂਜੇ ਪਾਸੇ 23 ਸਤੰਬਰ ਨੂੰ ਐਂਟੀ ਕੁਰੱਪਸ਼ਨ ਅਵੇਅਰਨੈੱਸ ਵੱਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਸਚਦੇਵਾ ਦੀ ਅਗਵਾਈ ਹੇਠ ਵੱਡਾ ਜਨਤਕ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਐਲਾਨ ਤੋਂ ਇਕ ਦਿਨ ਪਹਿਲਾਂ ਜ਼ਿਲਾ ਪ੍ਰਸ਼ਾਸਨ ਨੇ ਸੰਘਰਸ਼ ਮੂਹਰੇ ਝੁਕਦਿਆਂ ਸ਼ਹਿਰ ਦੀ ਮੁੱਖ ਟੁੱਟੀ ਸੜਕ 'ਤੇ ਪ੍ਰੀਮਿਕਸ ਪੈਣ ਦਾ ਕੰਮ ਆਖਿਰਕਾਰ ਸ਼ਾਮ ਵੇਲੇ ਸ਼ੁਰੂ ਕਰਵਾ ਦਿੱਤਾ ਹੈ।

ਪਤਾ ਲੱਗਾ ਹੈ ਕਿ 1 ਕਰੋੜ 98 ਲੱਖ ਦੀ ਲਾਗਤ ਨਾਲ ਬਣਨ ਵਾਲੀ ਇਸ ਸੜਕ ਦੀ ਕੁੱਲ ਦੂਰੀ 3.70 ਕਿਲੋਮੀਟਰ ਹੈ, ਜਦਕਿ ਇਸ ਦਾ ਟੈਂਡਰ ਤਾਂ ਲੋਕ ਨਿਰਮਾਣ ਵਿਭਾਗ ਵੱਲੋਂ ਹਾਲੇ ਤੱਕ ਕੁੱਝ ਦਿਨਾਂ ਤੱਕ ਲਵਾਇਆ ਜਾਵੇਗਾ ਪਰ ਸੜਕ ਦੇ ਮਾਮਲੇ 'ਤੇ ਲੋਕਾਂ ਦਾ ਸੰਘਰਸ਼ ਲੋਕ ਲਹਿਰ ਬਣ ਰਿਹਾ ਹੋਣ ਕਰ ਕੇ ਪ੍ਰਸ਼ਾਸਨ ਨੇ ਪੈਚ ਵਰਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸੜਕ 'ਤੇ ਪੈਚ ਵਰਕ ਲੱਗਣ ਦੇ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਸਚਦੇਵਾ ਅਤੇ ਸਾਥੀਆਂ ਨੇ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੜਕ ਬਣਨ ਨਾਲ ਸ਼ਹਿਰ ਵਾਸੀਆਂ ਨੂੰ ਭਾਰੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਸੜਕ 'ਤੇ ਅਨੇਕਾਂ ਹਾਦਸੇ ਵਾਪਰਨ ਮਗਰੋਂ ਵੀ ਜਦੋਂ ਪ੍ਰਸ਼ਾਸਨ ਅਤੇ ਮਹਿਕਮੇ ਦੀ ਅੱਖ ਨਾ ਖੁੱਲ੍ਹੀ ਤਾਂ ਉਨ੍ਹਾਂ ਨੂੰ ਸੰਘਰਸ਼ ਲਈ ਮੈਦਾਨ 'ਚ ਨਿੱਤਰਨਾ ਪਿਆ। ਉਨ੍ਹਾਂ 23 ਸਤੰਬਰ ਨੂੰ ਲਾਏ ਜਾਣ ਵਾਲੇ ਧਰਨੇ ਨੂੰ ਰੱਦ ਕਰਨ ਦੀ ਪੁਸ਼ਟੀ ਕਰਦਿਆਂ ਇਸ ਸੰਘਰਸ਼ ਦੌਰਾਨ ਸਹਿਯੋਗ ਦੇਣ ਵਾਲੇ ਸੰਸਥਾ ਮੈਂਬਰਾਂ ਅਤੇ ਸ਼ਹਿਰੀਆਂ ਦਾ ਵੀ ਧੰਨਵਾਦ ਕੀਤਾ।

ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਪੁੱਜੇ ਵਿਧਾਇਕ ਕਮਲ
ਮੁੱਖ ਬਾਜ਼ਾਰ ਵਾਲੀ ਸੜਕ 'ਤੇ ਪੈਚ ਵਰਕ ਦਾ ਕੰਮ ਸ਼ੁਰੂ ਕਰਵਾਉਣ ਲਈ ਹਲਕਾ ਵਿਧਾਇਕ ਡਾ. ਹਰਜੋਤ ਕਮਲ ਵੀ ਸਾਥੀਆਂ ਸਮੇਤ ਵਿਸ਼ੇਸ਼ ਤੌਰ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਹੁਣ ਸੜਕ ਕਰ ਕੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲੇਗੀ। ਪੀ. ਡਬਲਯੂ. ਡੀ. ਵਿਭਾਗ ਅਤੇ ਕਾਰਪੋਰੇਸ਼ਨ 'ਚ ਆਪਸੀ ਰੇੜਕੇ ਕਾਰਣ ਇਸ ਸੜਕ ਦਾ ਨਿਰਮਾਣ ਰੁਕ ਗਿਆ ਸੀ। ਹੁਣ ਪੀ. ਡਬਲਯੂ. ਡੀ. ਵਿਭਾਗ ਵੱਲੋਂ ਇਸ ਸੜਕ ਨੂੰ ਪ੍ਰਵਾਨਗੀ ਮਿਲ ਗਈ ਹੈ ਅਤੇ ਜਲਦ ਹੀ ਇਹ ਸੜਕ ਬਣ ਕੇ ਤਿਆਰ ਹੋ ਜਾਵੇਗੀ। ਇਸ ਸੜਕ ਦੇ ਪੈਚ ਵਰਕ ਦੀ ਸ਼ੁਰੂਆਤ ਕਰਵਾਉਣ ਸਮੇਂ ਸੁਖਦੇਵ ਅਰੋੜਾ, ਭਜਨ ਸਿਤਾਰਾ, ਜੇ. ਈ. ਸੁਖਦੇਵ ਸਿੰਘ, ਨਵੀਨ ਸਿੰਗਲਾ, ਅਸ਼ਵਨੀ ਮੱਟੂ ਆਦਿ ਤੋਂ ਇਲਾਵਾ ਹੋਰ ਸ਼ਹਿਰਵਾਸੀ ਵੀ ਹਾਜ਼ਰ ਸਨ।

Shyna

This news is Content Editor Shyna