''ਚੁੱਪ-ਚਪੀਤੇ'' ਸਹਿਕਾਰੀ ਸਭਾ ਦੀ ਚੋਣ ਕਰਵਾਉਣ ਕਾਰਣ ਤਣਾਅ

11/27/2019 11:21:00 AM

ਮੋਗਾ (ਗੋਪੀ ਰਾਊਕੇ)—ਜ਼ਿਲਾ ਮੋਗਾ ਦੇ ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਪੈਂਦੇ ਪਿੰਡ ਲੁਹਾਰਾ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ, ਜਦੋਂ ਸਹਿਕਾਰੀ ਸਭਾ ਦੀ 'ਚੁੱਪ-ਚਪੀਤੇ' ਚੋਣ ਕਰਵਾ ਕੇ ਇਸ 'ਤੇ ਕਾਂਗਰਸੀਆਂ ਵੱਲੋਂ ਕਥਿਤ ਤੌਰ 'ਤੇ ਆਪਣਾ ਕਬਜ਼ਾ ਜਮਾਉਣ ਦੀ ਜਿਉਂ ਹੀ ਭਿਣਕ ਪਿੰਡ ਦੇ ਵੱਡੀ ਗਿਣਤੀ 'ਚ ਸੋਸਾਇਟੀ ਵੋਟਰਾਂ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਲੱਗੀ ਤਾਂ ਉਨ੍ਹਾਂ ਸੋਸਾਇਟੀ ਦੇ ਮੁੱਖ ਗੇਟ 'ਤੇ ਹਲਕਾ ਵਿਧਾਇਕ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਰੋਸ ਜ਼ਾਹਿਰ ਕਰਦਿਆਂ ਪਿੰਡ ਦੇ ਸਾਬਕਾ ਸਰਪੰਚ ਜਗਜੀਵਨ ਸਿੰਘ ਲੁਹਾਰਾ, ਸੁਖਜੀਵਨ ਸਿੰਘ ਗਿੱਲ ਅਤੇ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਵਿਸ਼ੇਸ਼ ਤੌਰ 'ਤੇ ਪਿੰਡਾਂ ਵਿਚ ਸਥਾਪਿਤ ਹੋਈਆਂ ਸਹਿਕਾਰੀ ਸਭਾਵਾਂ 'ਚ ਲੋਕਤੰਤਰ ਨੂੰ ਛਿੱਕੇ ਟੰਗ ਕੇ ਹੁਕਮਰਾਨ ਧਿਰ ਵੱਲੋਂ ਸਿੱਧੀ ਦਖਲ-ਅੰਦਾਜ਼ੀ ਕਰਦਿਆਂ ਸ਼ਰੇਆਮ ਇਹ ਚੋਣਾਂ ਲੁੱਟੀਆਂ ਜਾ ਰਹੀਆਂ ਹਨ, ਜਿਸ ਦੀ ਮਿਸਾਲ ਅੱਜ ਇੱਥੇ ਵੀ ਦੇਖਣ ਨੂੰ ਮਿਲੀ ਹੈ ਕਿਉਂਕਿ ਸਹਿਕਾਰੀ ਸਭਾ ਦੇ ਕਿਸੇ ਵੀ ਹਿੱਸੇਦਾਰ ਨੂੰ ਇਹ ਪਤਾ ਨਹੀਂ ਸੀ ਅੱਜ ਚੋਣ ਹੋਣੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਪਿੰਡ ਵਾਸੀ ਸਵੇਰ ਦੀ ਸੈਰ ਲਈ ਗਏ ਤਾਂ ਪਤਾ ਲੱਗਾ ਕਿ ਤੜਕਸਾਰ ਤੋਂ ਹੀ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਸਹਿਕਾਰੀ ਸਭਾ ਵਿਖੇ ਤਾਇਨਾਤ ਸਨ, ਜਦੋਂ ਪੁੱਛਣ 'ਤੇ ਪਤਾ ਲੱਗਾ ਕਿ ਇੱਥੇ ਚੋਣ ਹੈ ਤਾਂ ਸਮੁੱਚੇ ਹਿੱਸੇਦਾਰ ਹੱਕੇ-ਬੱਕੇ ਰਹਿ ਗਏ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਆਗੂਆਂ ਨੂੰ ਪਤਾ ਸੀ ਕਿ ਇਹ ਚੋਣ ਵੋਟਾਂ ਨਾਲ ਅਕਾਲੀ ਦਲ ਨੇ ਜਿੱਤ ਜਾਣੀ ਹੈ। ਇਸ ਲਈ ਪੁਲਸ ਬਲ ਦੇ 'ਡੰਡੇ' ਦੇ ਜ਼ੋਰ ਨਾਲ ਸੋਸਾਇਟੀ ਦਾ ਗੇਟ ਬੰਦ ਕਰ ਕੇ ਇਹ ਚੋਣ 'ਚੁੱਪ-ਚਪੀਤੇ' ਕਰਵਾਈ ਗਈ ਹੈ। ਸੋਸਾਇਟੀ ਦੇ ਡਿਫਾਲਟਰ ਤੱਕ ਨੂੰ ਕਥਿਤ ਤੌਰ 'ਤੇ ਮੈਂਬਰ ਬਣਾਇਆ ਜਾ ਰਿਹਾ ਹੈ। ਉਨ੍ਹਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਮੁੜ ਪੜਤਾਲ ਕਰ ਕੇ ਇਨਸਾਫ ਦਿਵਾਇਆ ਜਾਵੇ।

ਸਹਿਕਾਰੀ ਸਭਾਵਾਂ 'ਚ ਸਿਆਸਤ ਮੰਦਭਾਗੀ : ਬਰਜਿੰਦਰ
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਬਰਾੜ ਨੇ ਪਿੰਡ ਲੌਹਾਰਾ ਵਿਖੇ ਸਹਿਕਾਰੀ ਸਭਾ 'ਤੇ ਕਾਂਗਰਸੀਆਂ ਵੱਲੋਂ ਕਬਜ਼ਾ ਕਰਨ ਦੇ ਮਾਮਲੇ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਹਿਕਾਰੀ ਸਭਾਵਾਂ 'ਚ ਸਿਆਸਤ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕੋਈ ਨੋਟਿਸ ਕੱਢੇ ਕਾਂਗਰਸੀਆਂ ਨੇ ਸਹਿਕਾਰੀ ਸਭਾ ਦੇ ਗੇਟ ਬੰਦ ਕਰ ਕੇ ਕਬਜ਼ਾ ਜਮਾ ਲਿਆ, ਜਦਕਿ ਸਮੁੱਚੇ 150 ਮੈਂਬਰਾਂ 'ਚੋਂ 100 ਤੋਂ ਵੱਧ ਸੋਸਾਇਟੀ ਹਿੱਸੇਦਾਰ ਅਕਾਲੀ ਦਲ ਦੇ ਹਨ। ਹਲਕਾ ਧਰਮਕੋਟ 'ਚ ਆਏ ਦਿਨ ਹੋ ਰਹੀ ਧੱਕੇਸ਼ਾਹੀ ਸਭ ਹੱਦਾਂ ਬੰਨ੍ਹੇ ਟੱਪ ਰਹੀ ਹੈ।


Shyna

Content Editor

Related News