ਵਿਸ਼ਵ ਤਮਾਕੂ ਪਾਬੰਦੀ ਦਿਵਸ: ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਬਣਾਈਏੇ ਤਮਾਕੂ ਮੁਕਤ!

05/31/2020 11:20:28 AM

  ਡਾ. ਪ੍ਰਭਦੀਪ ਸਿੰਘ ਚਾਵਲਾ

ਨੌਜਵਾਨਾਂ ਦਾ ਤਮਾਕੂ ਦੀ ਵਰਤੋ ਵੱਲ ਵੱਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ 'ਤੇ ਜੇ ਨਜ਼ਰ ਮਾਰੀਏ ਤਾਂ ਹਰ ਸਾਲ 8 ਮੀਲੀਅਨ ਲੋਕ ਤਮਾਕੂ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ ਅਤੇ ਭਾਰੀ ਗਿਣਤੀ ਵਿੱਚ ਨੌਜਵਾਨਾਂ ਦਾ ਤਮਾਕੂ ਦੀ ਵਰਤੋ ਵੱਲ ਵੱਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਤਮਾਕੂ ਉਦਯੋਗਾਂ ਦਾ ਨਿਸ਼ਾਨਾ ਨਵੀ ਪੀੜ੍ਹੀ ਹੈ, ਜਿਨ੍ਹਾਂ ਨੂੰ ਗ੍ਰਾਹਕ ਬਣਾਉਣ ਲਈ ਹਰ ਢੰਗ-ਤਰੀਕਾ ਅਖਤਿਆਰ ਕੀਤਾ ਜਾ ਰਿਹਾ ਹੈ, ਛੋਟੀ ਉਮਰ ਦੇ ਬੱਚਿਆਂ ਨੁੰ ਆਕਰਸ਼ਿਤ ਕਰਨ ਲਈ ਵੱਖ-ਵੱਖ ਸੁਆਦ ਅਤੇ ਖੁਸ਼ਬੂ ਬਿਖੇਰਦੇ ਧੂੰਆਂ ਰਹਿਤ ਤਮਾਕੂ ਉਤਪਾਦ ਬਜ਼ਾਰ ਵਿੱਚ ਉਤਾਰੇ ਜਾ ਰਹੇ ਹਨ, ਹੋਰ ਤਾਂ ਹੋਰ ਸਕੂਲੀ ਬੱਚਿਆਂ ਦੇ ਡਰਾਇੰਗ ਲਈ ਵਰਤੋ ਵਿੱਚ ਲਿਆਂਦੇ ਜਾਂਦੇ ਰੰਗ-ਸਕੈਚ ਪੈੱਨ ਵਰਗੇ ਪੈਕ ਵਿੱਚ ਵੀ ਹੁਣ ਸਿਗਰਟ ਪਾ ਕੇ ਛੋਟੀਆਂ-ਛੋਟੀਆਂ ਦੁਕਾਨਾਂ ਤੇ ਸਪਲਾਈ ਕੀਤੀ ਜਾ ਰਹੀ ਹੈ। ਪ੍ਰਸਿੱਧ ਸਮਾਗਮਾਂ ਮੌਕੇ ਨੌਜਵਾਨਾਂ ਨੂੰ ਤਮਾਕੂ ਉਤਪਾਦਾਂ ਦੇ ਨਮੂਨੇ ਮੁਫਤ ਵਰਤੋ ਲਈ ਪੇਸ਼ ਕਰਕੇ ਤਮਾਕੂ ਉਤਪਾਦਾਂ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ। ਨੌਜਵਾਨਾਂ ਨੂੰ ਅਕਰਸ਼ਿਤ ਕਰਨ ਲਈ ਪ੍ਰਭਾਵੀ ਸਖਸ਼ੀਅਤਾਂ ਤੋਂ ਫਿਲਮਾਂ,ਟੀ.ਵੀ. ਸ਼ੋਅ ਅਤੇ ਸੋਸ਼ਲ ਮੀਡੀਆ ਰਾਹੀਂ ਬਹਾਨੇ ਨਾਲ ਤਮਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਕਰਵਾਈ ਜਾ ਰਹੀ ਹੈ ਪਰ ਨੋਵਲ ਕੋਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਜਿਥੇ ਆਮ ਲੋਕਾਂ ਲਈ ਡਰ ਤੇ ਸਹਿਮ ਦਾ ਮਹੌਲ ਬਣਇਆ ਹੋਇਆ ਹੈ ਉਥੇ ਤਮਾਕੂ ਦੀ ਵਰਤੋ ਕਰਨ ਵਾਲਿਆਂ ਲਈ ਤਾਂ ਜਿਆਦਾ ਖਤਰੇ ਦਾ ਸਮਾਂ ਕਿਹਾ ਜਾ ਰਿਹਾ ਹੈ, ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਧੂੰਆਂ ਰਹਿਤ ਤਮਾਕੂ ਉਤਪਾਦ ਜਿਸ ਦਾ ਸੇਵਨ ਕਰਕੇ ਥੁੱਕਣਾ ਆਮ ਦੇਖਿਆ ਜਾਂਦਾ ਹੈ, ਦੀ ਵਿਕਰੀ ਤੇ ਵਰਤੋ  ਉੱਪਰ ਪਾਬੰਧੀ ਲਗਾ ਦਿੱਤੀ ਗਈ ਹੈ। 

ਪੰਜਾਬ ਨੂੰ ਤਮਾਕੂ ਰਹਿਤ ਸੂਬਾ ਬਣਾਉਣ ਲਈ ਸਰਕਾਰ,ਸਿਹਤ ਵਿਭਾਗ ਅਤੇ ਕਈ ਸੰਸਥਾਵਾਂ ਯਤਨਸ਼ੀਲ ਹਨ। ਇਹ ਠੀਕ ਹੈ ਕਿ ਇਸ ਦੇ ਨਤੀਜੇ ਵੱਜੋਂ ਜਨਤਕ ਸਥਾਨਾਂ ਤੇ ਲੋਕ ਤਮਾਕੂਨੋਸ਼ੀ ਤੋਂ ਗੁਰੇਜ਼ ਕਰਨ ਲੱਗੇ ਹਨ ਪਰ ਪੰਜਾਬ ਵਿੱਚ ਤਮਾਕੂ ਦਾ ਇਸਤੇਮਾਲ ਕਰਨ ਦਾ ਰੁਝਾਨ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਤਮਾਕੂ ਦੇ ਹਾਨੀਕਾਰਕ ਪ੍ਰਭਾਵ ਅਤੇ ਤਮਾਕੂ ਤੋਂ ਬਚੇ ਰਹਿਣ ਲਈ ਜਰੂਰਤ ਉੱਤੇ ਜਿੰਨੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਣਾ ਚਾਹੀਦਾ ਸੀ, ਉਨਾਂ ਨਹੀਂ ਦਿੱਤਾ ਗਿਆ। ਸੂਬੇ ਵਿਚ ਤਮਾਕੂ ਦੇ ਇਸਤੇਮਾਲ ਕਰਨ ਵਿਚ ਭਾਵੇਂ ਪੁਰਸ਼ਾ ਦੀ ਗਿਣਤੀ ਜਿਅਦਾ ਹੈ ਪਰ ਹੁਣ ਛੋਟੀ ਉਮਰ ਵਰਗ ਦੇ ਨੌਜਵਾਨਾਂ ਦਾ ਤਮਾਕੂ ਪ੍ਰਯੋਗ ਕਰਨਾ ਪੰਜਾਬ ਲਈ ਖਤਰੇ ਦੀ ਘੰਟੀ ਬਣਦਾ ਜਾ ਰਿਹਾ ਹੈ। ਵਧਾਈ ਦੇ ਪਾਤਰ ਹਨ ਉਹ ਪਿੰਡ-ਸ਼ਹਿਰ ਜਿੰਨਾਂ ਨੇ "ਮਿਲ ਕੇ ਭਲਾ ਪੰਜਾਬ ਦਾ ਸੋਚੀਏ ਹੁਣ" ਤੇ ਪਹਿਰਾ ਦਿੱਤਾ ਹੈ ਤੇ ਤਮਾਕੂ ਰਹਿਤ ਘੋਸ਼ਿਤ ਹੋ ਮਿਸਾਲ ਕਾਇਮ ਕੀਤੀ ਹੈ। ਲੋੜ ਹੈ ਅਜਿਹੀ ਹੀ ਜਾਗਰੂਕਤਾ ਮੁਹਿੰਮ ਚਲਾਉਣ ਦੀ ਜਿਸ ਤਹਿਤ ਸਾਡੇ ਬੱਚਿਆਂ ਨੂੰ ਅਜਿਹੀ ਤਾਲੀਮ ਦਿੱਤੀ ਜਾਵੇ ਕਿ ਉਹ ਤਮਾਕੂ ਉਦਪਾਦਾਂ ਦੀ ਵਰਤੋ ਨਾਲ ਹੋਣ ਵਾਲੇ ਨੁਕਸਾਨ ਨੂੰ ਭਲੀ-ਭਾਂਤ ਸਮਝ ਜਾਣ,ਚੰਗੇ-ਬੁਰੇ ਦੀ ਪਹਿਚਾਣ ਕਰ ਸਕਣ ਅਤੇ ਉਨ੍ਹਾਂ ਨੂੰ ਵਰਗਾਉਣ ਵਾਲੀਆਂ ਦੁਸ਼ਟ ਚਾਲਾਂ ਨੂੰ ਉਹ ਬੇਨਕਾਬ ਕਰ ਸਕਣ। ਆਉਣ ਵਾਲੀ ਪੀੜੀ ਨੂੰ ਬਚਾਉਣ ਲਈ, ਚੰਗੇ ਰਾਹ ਪਾਉਣ ਲਈ ਬੱਸ ਚਾਹੀਦਾ ਹੈ ਤੁਹਾਡਾ ਸਾਥ, ਆਓ ਵੱਧ ਤੋਂ ਵੱਧ ਲੋਕਾਂ ਨੂੰ ਤਮਾਕੂ ਦੇ ਦੁਸ਼ ਪ੍ਰਭਾਵਾਂ ਪ੍ਰਤੀ ਜਾਗਰੂਕ ਕਰੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਤਮਾਕੂ ਮੁਕਤ ਬਣਾਈਏੇ।

ਤਮਾਕੂ ਵਿੱਚ ਪਾਏ ਜਾਣ ਵਾਲੇ ਤੱਤ ਨਿਕੋਟੀਨ ਦੀ,ਨਸ਼ੇ ਦੀ ਲੱਤ ਲਗਾਣ ਦੀ ਸਮਰੱਥਾ ਅਫੀਮ ਜਾ ਕੋਕੀਨ ਤੋਂ ਜਿਆਦਾ ਹੈ, ਜਿਸ ਕਾਰਨ ਲੋਕ ਤਮਾਕੂ ਦੇ ਆਦੀ ਹੋ ਜਾਂਦੇ ਹਨ ਅਤੇ ਫਿਰ ਉਹ ਹੋਰ ਤਰਾਂ-ਤਰਾਂ ਦੇ ਤਮਾਕੂ ਦਾ ਪ੍ਰਯੋਗ ਸ਼ੁਰੂ ਕਰ ਦਿੰਦੇ ਹਨ।ਨਿਕੋਟੀਨ ਵਰਤੋ ਤਮਾਕੂ ਵਿਚ ਕਈ ਤਰਾਂ ਨਾਲ ਇਸਤੇਮਾਲ ਕੀਤੀ ਜਾਂਦੀ ਹੈ ਬੀੜੀ, ਸਿਗਰੇਟ, ਸਿਗਾਰ, ਚਿਲਮ, ਪਾਨ, ਜਰਦਾ-ਖੈਨੀ, ਗੁਟਖਾ ਤਮਾਕੂ ਉਤਪਾਦ ਆਮ ਪ੍ਰਯੋਗ ਦੇ ਤਰੀਕੇ ਹਨ।

ਤਮਾਕੂ ਲੈਣਾ ਬੰਦ ਕਿਉਂ ਕਰਨਾ ਚਾਹੀਦਾ ਹੈ -ਕਿਉਂਕਿ-
ਹਰ ਸਾਲ ਭਾਰਤ ਵਿੱਚ 7 ਲੱਖ ਤੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਤਮਾਕੂ ਦੀ ਵਰਤੋਂ ਹੈ।
- ਭਾਰਤ ਵਿੱਚ ਹੋਣ ਵਾਲੇ ਔਸਤਨ ਅੱਧੇ ਕੈਂਸਰਾਂ ਦਾ ਕਾਰਣ ਤਮਾਕੂ ਹੈ। ਮੂੰਹ, ਗਲਾ, ਭੋਜਨ ਨਾਲੀ, ਸਵੱਰ ਯੰਤਰ, ਫੇਫੜੇ,ਪਿੱਤਾ,ਮੂਤਰ ਥੈਲੀ ਅਤੇ ਲਿੰਗ ਦੇ ਕੈਂਸਰ ਦਾ ਕਾਰਨ ਵੀ ਤਮਾਕੂ ਦਾ ਇਸਤੇਮਾਲ ਪਾਇਆ ਗਿਆ ਹੈ। ਦਿਲ ਦੇ ਦੌਰੇ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦਾ ਵੀ ਤਮਾਕੂ ਕਾਰਣ ਬਣਦਾ ਹੈ। ਤਮਾਕੂ ਨਿਪੁੰਸਕਤਾ ਅਤੇ ਪੁਰਸ਼ਾਂ ਵਿਚ ਸ਼ੁਕਰਾਣੂਆਂ ਦੀ ਤਾਕਤ ਵਿੱਚ ਗਿਰਾਵਟ ਦਾ ਕਾਰਣ ਵੀ ਹੋ ਸਕਦਾ ਹੈ। ਗਰਭ ਅਵਸਥਾ ਦੌਰਾਨ ਮਾਂ ਦੁਆਰਾ ਤਮਾਕੂ ਦੇ ਇਸਤੇਮਾਲ ਨਾਲ ਗਰਭ ਵਿਚ ਬੱਚੇ ਦੇ ਵਿਕਾਸ ਵਿੱਚ ਕਮੀ, ਗਰਭਪਾਤ, ਬੱਚੇ ਦੀ ਮੌਤ, ਸਮੇਂ ਤੋਂ ਪਹਿਲਾਂ ਜਨਮ ਅਤੇ ਪੈਦਾ ਹੋਏ ਬੱਚੇ ਵਿਚ ਲੰਮੇ ਸਮੇਂ ਤੱਕ ਰਹਿਣ ਵਾਲੇ ਹਾਨੀਕਾਰਕ ਪ੍ਰਭਾਵ ਹੋ ਸਕਦੇ ਹਨ। ਫੇਫੜਿਆਂ ਦੇ ਰੋਗ,ਗਲੇ ਦੀ ਖਰਾਸ਼, ਫੇਫੜਿਆਂ ਦੀ ਇੰਨਫੈਕਸ਼ਨ ਜਿਵੇਂ ਕਿ ਟੀ.ਬੀ,ਨਿਮੋਨੀਆ ਆਦਿ ਤਮਾਕੂ ਲੈਣ ਵਾਲਿਆਂ ਵਿੱਚ ਜਿਆਦਾ ਵੱਧ ਗਏ ਹਨ। ਬੀੜੀ ਸਿਗਰਟ ਪੀਣ ਵਾਲਿਆਂ ਨੂੰ ਸਾਹ ਦੀ ਨਾਲੀ ਦੇ ਇਨਫੈਕਸ਼ਨ, ਦਮੇ ਦੀ ਬਿਮਾਰੀ ਦਾ ਵਿਗੜਨਾ ਅਤੇ ਫੇਫੜਿਆਂ ਦੇ ਕੰਮ ਕਰਨ ਦੀ ਸਕਤੀ ਘੱਟ ਹੋ ਜਾਣ ਦਾ ਕਾਰਨ ਬਣਦਾ ਹੈ। ਤਮਾਕੂ ਦੇ ਇਸਤੇਮਾਲ ਨਾਲ ਮੂੰਹ ਵਿੱਚ ਸਫੈਦ ਅਤੇ ਲਾਲ ਧੱਬੇ ਹੋ ਸਕਦੇ ਹਨ ਅਤੇ ਸਰਲ ਸਬਮਯੂਕੋਸਲ ਫਾਇਬਰੋਸਿਸ ਜਿਸ ਵਿੱਚ ਰੋਗੀ ਪੂਰੀ ਤਰਾਂ ਮੂੰਹ ਨਹੀਂ ਖੋਲ ਸਕਦਾ, ਵਰਗੇ ਰੋਗ ਹੋ ਸਕਦੇ ਹਨ ਜੋ ਕਿ ਮੂੰਹ ਦੇ ਕੈਂਸਰ ਵਿੱਚ ਬਦਲ ਸਕਦੇ ਹਨ। ਤਮਾਕੂ ਦੇ ਇਸਤੇਮਾਲ ਕਾਰਣ ਚਮੜੀ ਤੇ ਝੁਰੜੀਆਂ,ਦੰਦਾਂ ਅਤੇ ਨੌਹਾਂ ਤੇ ਧੱਬੇ ਅਤੇ ਮੂੰਹ ਤੋਂ ਬਦਬੂ-ਦੁਰਗੰਧ ਆਉਣ ਦੀ ਸਮੱਸਿਆ ਹੋ ਸਕਦੀ ਹੈ।

ਤਮਾਕੂ ਛੱਡਿਆ ਜਾ ਸਕਦਾ ਹੈ-
ਤਮਾਕੂ ਦਾ ਇਸਤੇਮਾਲ ਸਿਰਫ ਇੱਕ ਬੁਰੀ ਆਦਤ ਹੈ। ਤਮਾਕੂ ਛੱਡਣਾ ਸਿਰਫ ਇੱਛਾ ਸ਼ਕਤੀ ਦੀ ਗੱਲ ਹੈ, ਤਮਾਕੂ ਛੱਡਣਾ ਮੁਸ਼ਕਿਲ ਜਰੂਰ ਹੈ ਪਰ ਅਕਸਰ ਲੋਕ ਦੋ ਜਾ ਉਸ ਤੋਂ ਜਿਆਦਾ ਕੋਸ਼ਿਸ਼ ਕਰਨ ਤੇ ਛੱਡਣ ਵਿੱਚ ਸਫਲ ਹੋ ਜਾਂਦੇ ਹਨ। ਇਕ ਝਟਕੇ ਨਾਲ ਛੱਡਣਾ ਜਿਆਦਾ ਪ੍ਰਭਾਵੀ ਤਰੀਕਾ ਹੈ।ਪ੍ਰਭਾਵੀ ਤਰੀਕਿਆਂ ਵਿੱਚ ਕਾਂਉਸਲਿੰਗ ਅਤੇ ਨਿਕੋਟਿਨ ਰਿਪਲੇਸਮੈਂਟ ਥਰੈਪੀ ਜਿਵੇਂ ਨਿਕੋਟੀਨ ਪੈਚ ਆਦਿ ਵੀ ਹਨ।

ਤਮਾਕੂ ਦੀ ਲਤ ਅਤੇ ਇਸ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਬਚਣ ਲਈ ਕੁਝ ਸੁਝਾਅ-
ਡਾਕਟਰ ਦੇ ਕੋਲ ਨਿਯਮਿਤ ਚੈੱਕਅਪ ਦੇ ਲਈ ਜਾਵੋ ਕਿਉਂਕਿ ਕੈਂਸਰ ਦਾ ਇਲਾਜ ਹੋ ਸਕਦਾ ਹੈ, ਜੇ ਉਹ ਪਹਿਲੇ ਚਰਣ ਵਿੱਚ ਹੀ ਪਕੜ ਵਿਚ ਆ ਜਾਵੇ।
- ਜੇ ਨੁਕਸਾਨ ਨਹੀਂ ਵੀ ਹੋਇਆ ਤਾਂ ਵੀ ਤਮਾਕੂ ਛੱਡਣਾ ਹੀ ਠੀਕ ਹੈ ਕਿਉਂਕਿ ਸ਼ੁਰੂ ਵਿੱਚ ਛੱਡਣਾ ਅਸਾਨ ਹੈ ਬਾਅਦ ਵਿਚ ਲਤ ਲੱਗ ਜਾਂਦੀ ਹੈ ਤਾਂ ਛੱਡਣ ਵਿੱਚ ਕਠਿਨਾਈ ਆਉਂਦੀ ਹੈ।
-ਤਮਾਕੂ ਦੀ ਮਾਤਰਾ ਘੱਟ ਕਰਨ ਲਈ ਕੁਝ ਸੁਝਾਅ
- ਤੁਸੀਂ ਕਿੰਨੀ ਮਾਤਰਾ ਵਿਚ ਤਮਾਕੂ ਲੈ ਰਹੇ ਹੋ ਇਸਦਾ ਰਿਕਾਰਡ ਰੱਖੋ।
- ਸਿਰਫ ਇੱਕ ਵਾਰੀ ਲੈਣ ਜਿੰਨਾਂ ਹੀ ਤਮਾਕੂ ਖਰੀਦੋ।
- ਹਰ ਸਿਗਰਟ ਦੇ ਤੁਸੀਂ ਜਿੰਨੇ ਸੂਟੇ ਖਿਚਦੇ ਹੋ ਉਨਾਂ ਦੀ ਮਾਤਰਾ ਘਟਾਓ।
- ਸਿਗਰਟ, ਬੀੜੀ ਪੀਂਦੇ ਹੋਏ ਸੂਟਾ ਗਹਿਰਾ ਨਾ ਲਵੋ।

ਤਮਾਕੂ ਲੈਣ ਦੀ ਇੱਛਾ ਨੂੰ ਕਿਵੇਂ ਸੰਭਾਲੀਏ
- ਯਾਦ ਰੱਖੋ ਤਮਾਕੂ ਲੈਣ ਦੀ ਇੱਛਾ ਸਿਰਫ 5-10 ਮਿੰਟ ਜਿਆਦਾ ਰਹਿੰਦੀ ਹੈ ਫਿਰ ਘੱਟ ਹੋ ਜਾਂਦੀ ਹੈ।
-ਉਸ ਸਮੇਂ ਚਬਾਉਣ ਵਾਲੀ ਚਿੰਗਮ, ਟਾਫੀ, ਪੇਪਰਾਮਿੰਟ ਲਵੋ ਜਾਂ ਪਾਣੀ ਦਾ ਗਲਾਸ ਲਵੋ।
- ਪ੍ਰਾਣਾਯਾਮ ਦਾ ਅਭਿਆਸ ਕਰੋ।
- ਕੋਈ ਕੰਮ ਕਰਕੇ ਜਾ ਕਿਸੀ ਨਾਲ ਗੱਲਬਾਤ ਕਰਕੇ ਆਪਣਾ ਧਿਆਨ ਵੰਡਣ ਦੀ ਕੋਸ਼ਿਸ਼ ਕਰੋ।
-ਤਮਾਕੂ ਨਾਲ ਸਬੰਧਿਤ ਚੀਜਾਂ ਜਿਵੇਂ ਕਿ ਏਸ ਟਰੇ ਆਦਿ ਆਪਣੇ ਘਰ ਅਤੇ ਕੰਮ ਕਰਨ ਵਾਲੀ ਜਗਾ ਤੋਂ ਹਟਾਓ।

ਜੇ ਨਹੀ ਛੱਡਿਆ ਜਾਂਦਾ ਤਾਂ
- ਨਿਰਾਸ਼ ਨਾ ਹੋਵੇ
- ਫਿਰ ਤੋਂ ਕੋਸ਼ਿਸ਼ ਕਰੋ
-ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਸਟਾਫ /ਤਮਾਕੂ ਸੈਸਈਸ਼ੇਨ ਸੈੱਲ / ਨਸ਼ਾ ਛੁਡਾਓ ਕੇਂਦਰ ਨਾਲ ਸੰਪਰਕ ਕਰੋ।

Iqbalkaur

This news is Content Editor Iqbalkaur